ਨਵੀਂ ਦਿੱਲੀ :- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਸਵੇਰੇ ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚ ਇੱਕੋ ਸਮੇਂ ਵਿਆਪਕ ਤਲਾਸ਼ੀ ਮੁਹਿੰਮ ਚਲਾਉਂਦਿਆਂ ਕੋਲਾ ਮਾਫੀਆ ਨੈੱਟਵਰਕ ਖ਼ਿਲਾਫ਼ ਵੱਡਾ ਧੱਕਾ ਮਾਰਿਆ ਹੈ। ਗ਼ੈਰਕਾਨੂੰਨੀ ਕੋਲਾ ਖੁਦਾਈ, ਚੋਰੀ ਅਤੇ ਤਸਕਰੀ ਰਾਹੀਂ ਸਰਕਾਰੀ ਖ਼ਜ਼ਾਨੇ ਨੂੰ ਹੋਏ ਭਾਰੀ ਨੁਕਸਾਨ ਦੀ ਜਾਂਚ ਨੂੰ ਤੇਜ਼ ਕਰਦਿਆਂ ED ਦੀਆਂ ਟੀਮਾਂ ਨੇ 40 ਤੋਂ ਵੱਧ ਸਥਾਨਾਂ ‘ਤੇ ਛਾਪੇ ਮਾਰੇ ਹਨ।
ਝਾਰਖੰਡ ਵਿੱਚ 18 ਥਾਵਾਂ ‘ਤੇ ਦਬਿਸ਼, ਉਦਯੋਗਪਤੀਆਂ ਤੇ ਫਰਮਾਂ ਦੀ ਜਾਂਚ
ਰਾਂਚੀ ਜ਼ੋਨਲ ਦਫ਼ਤਰ ਦੇ ਨੇਤ੍ਰਿਤਵ ਹੇਠ ED ਨੇ ਝਾਰਖੰਡ ਦੇ ਕਈ ਜ਼ਿਲ੍ਹਾਂ ਵਿੱਚ ਕੁੱਲ 18 ਟਿਕਾਣਿਆਂ ‘ਤੇ ਕਾਰਵਾਈ ਕੀਤੀ। ਇਹ ਛਾਪੇ ਉਹਨਾਂ ਸਿੰਡੀਕੇਟਾਂ ਅਤੇ ਕੰਪਨੀਆਂ ‘ਤੇ ਕੇਂਦਰਿਤ ਸਨ ਜਿਨ੍ਹਾਂ ‘ਤੇ ਕੋਲੇ ਦੀ ਵੱਡੇ ਪੱਧਰ ‘ਤੇ ਤਸਕਰੀ ਅਤੇ ਗੈਰਕਾਨੂੰਨੀ ਵਪਾਰ ਦੇ ਦੋਸ਼ ਹਨ।
ਜਿਨ੍ਹਾਂ ਸ਼ਖ਼ਸੀਆਂ ਅਤੇ ਫਰਮਾਂ ਦੇ ਠਿਕਾਣਿਆਂ ਦੀ ਤਲਾਸ਼ੀ ਹੋਈ, ਉਹਨਾਂ ਵਿੱਚ ਅਨਿਲ ਗੋਇਲ, ਸੰਜੇ ਉਦਯੋਗ, ਐਲ.ਬੀ. ਸਿੰਘ ਅਤੇ ਅਮਰ ਮੰਡਲ ਵਰਗੇ ਨਾਂ ਸ਼ਾਮਲ ਹਨ। ਜਾਂਚ ਅਧਿਕਾਰੀਆਂ ਦੇ ਅਨੁਸਾਰ, ਇਹ ਸਾਰੇ ਗਿਰੋਹ ਲੰਮੇ ਸਮੇਂ ਤੋਂ ਕੋਲੇ ਦੀ ਹੇਰਾਫੇਰੀ ਕਰਕੇ ਵੱਡੀ ਮਾਲੀ ਹਾਨੀ ਪੈਦਾ ਕਰ ਰਹੇ ਸਨ।
ਪੱਛਮੀ ਬੰਗਾਲ ਵਿੱਚ 24 ਸਥਾਨਾਂ ‘ਤੇ ਛਾਪੇ, ਪ੍ਰਮੁੱਖ ਕਾਰੋਬਾਰੀ ਖੜਕਾ ਦੇ ਘਰ ਤੱਕ ਪਹੁੰਚੀ ਟੀਮ
ਝਾਰਖੰਡ ਦੀ ਕਾਰਵਾਈ ਦੇ ਨਾਲ ਹੀ ਦੂਜੀ ਟੀਮ ਨੇ ਪੱਛਮੀ ਬੰਗਾਲ ਦੇ ਪੰਜ ਜ਼ਿਲ੍ਹਾਂ—ਦੁਰਗਾਪੁਰ, ਪੁਰੁਲੀਆ, ਹਾਵੜਾ, ਹੁਗਲੀ ਅਤੇ ਕੋਲਕਾਤਾ—ਵਿੱਚ 24 ਟਿਕਾਣਿਆਂ ‘ਤੇ ਤਲਾਸ਼ੀ ਮੁਹਿੰਮ ਚਲਾਈ।
ਇਹ ਛਾਪੇ ਗੈਰਕਾਨੂੰਨੀ ਖਣਨ, ਆਵਾਜਾਈ ਅਤੇ ਕੋਲੇ ਦੇ ਨਾਜਾਇਜ਼ ਭੰਡਾਰਨ ਨਾਲ ਜੁੜੇ ਮਾਮਲਿਆਂ ਤੇ ਕੇਂਦਰਿਤ ਸਨ। ED ਦੀ ਟੀਮ ਨੇ ਸਾਲਟ ਲੇਕ ਏਕੇ ਬਲਾਕ ਵਿੱਚ ਰਹਿਣ ਵਾਲੇ ਪ੍ਰਮੁੱਖ ਕੋਲਾ ਵਪਾਰੀ ਨਰਿੰਦਰ ਖੜਕਾ ਦੇ ਨਿਵਾਸ ‘ਤੇ ਵੀ ਛਾਪਾ ਮਾਰਿਆ। ਖੜਕਾ ਨੂੰ ਪਹਿਲਾਂ ਵੀ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ।
ਕਈ ਹੋਰ ਵੱਡੇ ਨਾਮ ਰਡਾਰ ‘ਤੇ, ਮਾਫੀਆ ਨੈੱਟਵਰਕ ਲਈ ਵੱਡਾ ਝਟਕਾ
ਨਰਿੰਦਰ ਖੜਕਾ ਤੋਂ ਇਲਾਵਾ ਯੁਧਿਸ਼ਠਰ ਘੋਸ਼ ਅਤੇ ਕ੍ਰਿਸ਼ਨ ਮੁਰਾਰੀ ਕਾਯਲ ਦੇ ਠਿਕਾਣਿਆਂ ‘ਤੇ ਵੀ ਕਾਰਵਾਈ ਕੀਤੀ ਗਈ। ED ਅਧਿਕਾਰੀਆਂ ਦੇ ਮਤਾਬਕ, ਇਹ ਆਪ੍ਰੇਸ਼ਨ ਕੋਲਾ ਮਾਫੀਆ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸੱਟ ਸਾਬਤ ਹੋ ਸਕਦਾ ਹੈ, ਕਿਉਂਕਿ ਤਲਾਸ਼ੀ ਦੌਰਾਨ ਕਈ ਮਹੱਤਵਪੂਰਨ ਦਸਤਾਵੇਜ਼, ਡਿਜ਼ਿਟਲ ਰਿਕਾਰਡ ਅਤੇ ਲੈਣ-ਦੇਣ ਸੰਬੰਧੀ ਸਬੂਤ ਮਿਲਣ ਦੀ ਉਮੀਦ ਹੈ।
ਆਉਣ ਵਾਲੇ ਦਿਨਾਂ ਵਿੱਚ ਹੋ ਸਕਦੇ ਹਨ ਹੋਰ ਖੁਲਾਸੇ
ਜਾਂਚ ਏਜੰਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਲਾ ਤਸਕਰੀ ਦਾ ਇਹ ਜਾਲ ਕਈ ਰਾਜਾਂ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਕਾਰਵਾਈ ਤੋਂ ਬਾਅਦ ਕਦਮ-ਬ-ਕਦਮ ਹੋਰ ਵੱਡੇ ਨਾਮ ਵੀ ਸਾਹਮਣੇ ਆ ਸਕਦੇ ਹਨ। ED ਨੇ ਸਪੱਸ਼ਟ ਕੀਤਾ ਹੈ ਕਿ ਇਹ ਤਲਾਸ਼ੀਆਂ ਗੈਰਕਾਨੂੰਨੀ ਵਪਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਉਦੇਸ਼ ਨਾਲ ਕੀਤੀਆਂ ਜਾ ਰਹੀਆਂ ਹਨ।

