ਤਰਨਤਾਰਨ :- ਤਰਨਤਾਰਨ ਵਿਧਾਨ ਸਭਾ ਉਪ-ਚੋਣ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ, ਹਰਮੀਤ ਸਿੰਘ ਸੰਧੂ ਅੱਜ ਰਸਮੀ ਤੌਰ ‘ਤੇ ਵਿਧਾਇਕ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਸਹੁੰ ਚੁੱਕਣ ਦੀ ਕਾਰਵਾਈ ਤੋਂ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਭੇਟ ਕੀਤੀ, ਜਿਸਨੂੰ ਨਵੀਂ ਜ਼ਿੰਮੇਵਾਰੀ ਦੇ ਸ਼ੁਰੂਆਤੀ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਵਿਧਾਨ ਸਭਾ ਸਪੀਕਰ ਦੇ ਚੈਂਬਰ ਵਿੱਚ ਅਹਿਮ ਪਲ
ਸਹੁੰ ਚੁੱਕਣ ਦੀ ਰਸਮ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਚੈਂਬਰ ਵਿੱਚ ਹੋਵੇਗੀ। ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਇਸ ਮੌਕੇ ‘ਤੇ ਹਾਜ਼ਿਰ ਰਹਿਣਗੇ, ਜਿਸ ਕਾਰਨ ਇਹ ਸਮਾਰੋਹ ਸਿਰਫ਼ ਰਸਮ ਨਹੀਂ ਬਲਕਿ ਪਾਰਟੀ ਲਈ ਰਾਜਨੀਤਿਕ ਹੌਸਲਾ-ਅਫਜ਼ਾਈ ਦਾ ਮੋਕਾ ਵੀ ਮੰਨਿਆ ਜਾ ਰਿਹਾ ਹੈ।
ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਤੱਕ ਦੀ ਯਾਤਰਾ
ਹਰਮੀਤ ਸਿੰਘ ਸੰਧੂ ਨੇ ਉਪ-ਚੋਣ ਤੋਂ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਦਾਮਨ ਛੱਡ ਕੇ ਆਮ ਆਦਮੀ ਪਾਰਟੀ ਦਾ ਹੱਥ ਫੜਿਆ ਸੀ।
ਉਨ੍ਹਾਂ ਦੀ ਪਾਰਟੀ ਵਿੱਚ ਸ਼ਮੂਲੀਅਤ ਨੂੰ ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਦੀ ਹਾਲੀਆ ਰਣਨੀਤੀ ਲਈ ਮਹੱਤਵਪੂਰਨ ਕਦਮ ਮੰਨਿਆ ਗਿਆ ਸੀ।
ਸੀਟ ਦੇ ਖਾਲੀ ਹੋਣ ਦਾ ਪਿਛੋਕੜ
ਯਾਦ ਰਹੇ ਕਿ 2022 ਦੀਆਂ ਚੋਣਾਂ ਵਿੱਚ AAP ਦੇ ਕਸ਼ਮੀਰ ਸਿੰਘ ਸੋਹਲ ਨੇ ਤਰਨਤਾਰਨ ਸੀਟ ਜਿੱਤੀ ਸੀ। ਇਸ ਸਾਲ ਉਨ੍ਹਾਂ ਦੇ ਅਚਾਨਕ ਦੇਹਾਂਤ ਕਾਰਨ ਇਹ ਸੀਟ ਖਾਲੀ ਹੋਈ ਅਤੇ ਉਪ-ਚੋਣ ਦੀ ਲੋੜ ਪਈ।
ਇਸ ਖਾਲੀਪਨ ਨੂੰ ਭਰਨ ਲਈ ਆਮ ਆਦਮੀ ਪਾਰਟੀ ਨੇ ਸੰਧੂ ‘ਤੇ ਦਾਅ ਲਗਾਇਆ ਅਤੇ ਉਹ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚ ਗਏ।
ਫ਼ਤਿਹ ਅਤੇ ਰਾਜਨੀਤਕ ਸੰਕੇਤ
ਹਰਮੀਤ ਸਿੰਘ ਸੰਧੂ ਨੇ 12,091 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਦੂਜੇ ਸਥਾਨ ‘ਤੇ ਰਹੀ। ਇਹ ਨਤੀਜੇ ਅਕਾਲੀ ਦਲ ਲਈ ਵੀ ਇੱਕ ਸੰਦੇਸ਼ ਵਜੋਂ ਆਏ ਹਨ, ਕਿਉਂਕਿ ਪਾਰਟੀ ਨੇ ਮੁੜ ਤਰਨਤਾਰਨ ਵਿੱਚ ਦਮਦਾਰ ਵਾਪਸੀ ਦਿਖਾਈ ਹੈ। ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਦੂਜੇ ਪਾਏ ‘ਤੇ ਪਹੁੰਚਣਾ ਪਾਰਟੀ ਦੀ ਬੇਹਤਰੀ ਵੱਲ ਇਸ਼ਾਰਾ ਕਰਦਾ ਹੈ।
ਤਰਨਤਾਰਨ ਦੀ ਰਾਜਨੀਤੀ ਵਿੱਚ ਨਵੀਂ ਕਹਾਣੀ ਦੀ ਸ਼ੁਰੂਆਤ
ਉਪ-ਚੋਣ ਦੇ ਨਤੀਜੇ ਤਰਨਤਾਰਨ ਦੀ ਸਿਆਸਤ ਵਿੱਚ ਨਵਾਂ ਰੁਖ਼ ਤੈਅ ਕਰ ਰਹੇ ਹਨ। ਇਕ ਪਾਸੇ AAP ਨੇ ਆਪਣੀ ਸੀਟ ਬਰਕਰਾਰ ਰੱਖ ਕੇ ਰਾਜਨੀਤਿਕ ਹੌਸਲਾ ਵਧਾਇਆ ਹੈ, ਦੂਜੇ ਪਾਸੇ ਅਕਾਲੀ ਦਲ ਨੇ ਆਪਣੇ ਪਟੜੀ ‘ਤੇ ਵਾਪਸ ਆਉਣ ਦੇ ਸੰਕੇਤ ਦਿੱਤੇ ਹਨ। ਹੁਣ ਨਜ਼ਰਾਂ ਇਸ ‘ਤੇ ਰਹਿਣਗੀਆਂ ਕਿ ਵਿਧਾਇਕ ਵਜੋਂ ਸੰਧੂ ਤਰਨਤਾਰਨ ਲਈ ਕਿਹੜੇ ਬਦਲਾਅ ਲਿਆਉਂਦੇ ਹਨ।

