ਅੰਮ੍ਰਿਤਸਰ :- ਯੂਟਿਊਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਅਧਿਕਾਰਤ ਗੁਰਬਾਣੀ ਚੈਨਲ ਨੂੰ 7 ਦਿਨਾਂ ਲਈ ਸਸਪੈਂਡ ਕਰ ਦਿੱਤਾ ਹੈ। ਪਲੇਟਫਾਰਮ ਨੇ ਇਹ ਕਦਮ 31 ਅਕਤੂਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਪ੍ਰਸਾਰਿਤ ਕੀਤਾ ਗਿਆ ਇੱਕ ਧਾਰਮਿਕ ਪ੍ਰੋਗਰਾਮ ਅਪਲੋਡ ਹੋਣ ਤੋਂ ਬਾਅਦ ਚੁੱਕਿਆ। ਯੂਟਿਊਬ ਵੱਲੋਂ ਇਸ ਵੀਡੀਓ ਵਿੱਚ ਆਪਣੇ ਕਮਿਊਨਿਟੀ ਸਟੈਂਡਰਡਸ ਦੀ ਉਲੰਘਣਾ ਦਾ ਹਵਾਲਾ ਦਿੱਤਾ ਗਿਆ ਹੈ।
ਚੈਨਲ ਬੰਦ ਹੋਣ ਤੋਂ ਬਾਅਦ SGPC ਨੇ ਤੁਰੰਤ ਸ਼ਰਧਾਲੂਆਂ ਲਈ ਗੁਰਬਾਣੀ ਦਾ ਲਾਈਵ ਪ੍ਰਸਾਰਣ ਜਾਰੀ ਰੱਖਣ ਵਾਸਤੇ ਇੱਕ ਬਦਲਵਾਂ ਚੈਨਲ ਮੁਹੱਈਆ ਕਰ ਦਿੱਤਾ ਹੈ, ਤਾਂ ਜੋ ਦਰਸ਼ਕਾਂ ਨੂੰ ਕੋਈ ਰੁਕਾਵਟ ਨਾ ਆਏ।
ਮੀਡੀਆ ਮਾਹਿਰ ਰਬਿੰਦਰ ਨਰਾਇਣ ਦੀ ਅਪੀਲ
ਇਸ ਮਾਮਲੇ ਨੇ ਮੀਡੀਆ ਵਰਗ ਵਿੱਚ ਵੀ ਚਰਚਾ ਪੈਦਾ ਕਰ ਦਿੱਤੀ ਹੈ। PTC News ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਮੌਜੂਦਾ GTC News ਮੁਖੀ ਰਬਿੰਦਰ ਨਰਾਇਣ ਨੇ ਸੋਸ਼ਲ ਮੀਡੀਆ ‘ਤੇ ਇੱਕ ਵਿਸਥਾਰਪੂਰਣ ਪ੍ਰਤੀਕ੍ਰਿਆ ਸਾਂਝੀ ਕਰਦਿਆਂ SGPC ਨੂੰ ਤੁਰੰਤ ਯੂਟਿਊਬ ਕੋਲ ਅਪੀਲ ਦਾਇਰ ਕਰਨ ਦੀ ਸਲਾਹ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਸਮੱਗਰੀ ਇੱਕ ਸਿੱਖ ਪ੍ਰਚਾਰਕ ਦੁਆਰਾ ਇਤਿਹਾਸਕ ਤੱਥਾਂ ਅਤੇ ਸਿੱਖ ਯੋਧਿਆਂ ਦੇ ਜੀਵਨ ਸੰਬੰਧੀ ਜਾਣਕਾਰੀ ਦੇ ਰੂਪ ਵਿੱਚ ਪੇਸ਼ ਕੀਤੀ ਗਈ ਸੀ, ਜਿਸਦਾ ਉਦੇਸ਼ ਨਾਹ ਰਾਜਨੀਤਕ ਸੀ ਤੇ ਨਾਹ ਹੀ ਕਿਸੇ ਕਿਸਮ ਦੀ ਹਿੰਸਾ ਨੂੰ ਵਧਾਵਾ ਦੇਣਾ ਸੀ।
ਵੀਡੀਓ ਦਾ ਮਕਸਦ ਸਿਰਫ਼ ਇਤਿਹਾਸਕ ਜਾਣਕਾਰੀ ਸੀ
ਰਬਿੰਦਰ ਨਰਾਇਣ ਨੇ ਇਹ ਵੀ ਜ਼ੋਰ ਦੇ ਨਾਲ ਕਿਹਾ ਕਿ SGPC ਨੂੰ ਅਪੀਲ ਵਿੱਚ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਵੀਡੀਓ ਦੀ ਸਮੱਗਰੀ ਧਾਰਮਿਕ ਅਤੇ ਵਿੱਦਿਅਕ ਸੰਦਰਭ ਵਿੱਚ ਸੀ, ਜਿਸਨੂੰ ਯੂਟਿਊਬ ਦੇ ਮੋਡਰੇਸ਼ਨ ਸਿਸਟਮ ਵੱਲੋਂ ਗਲਤ ਸਮਝਿਆ ਗਿਆ ਹੋ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ SGPC ਦਾ ਇਤਿਹਾਸ ਸਦਾ ਤੋਂ ਸਮਾਜ ਨੂੰ ਸੁਰੱਖਿਅਤ, ਸ਼ਾਂਤੀਪ੍ਰਿਯ ਅਤੇ ਸਿੱਖਿਆਪ੍ਰਦ ਧਾਰਮਿਕ ਸਮੱਗਰੀ ਦੇਣ ਵਾਲਾ ਰਿਹਾ ਹੈ।
ਪ੍ਰਤੀਬੰਧ ਨਾਲ ਲੱਖਾਂ ਸ਼ਰਧਾਲੂ ਪ੍ਰਭਾਵਿਤ
ਸਲਾਹ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਗੁਰਬਾਣੀ ਚੈਨਲ ‘ਤੇ ਲੱਗੀ ਇਹ ਰੋਕ ਦੁਨੀਆ ਭਰ ਵਿੱਚ ਬੈਠੇ ਲੱਖਾਂ ਸਿੱਖ ਸ਼ਰਧਾਲੂਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜੋ ਹਰ ਰੋਜ਼ ਯੂਟਿਊਬ ਰਾਹੀਂ ਗੁਰਬਾਣੀ ਦਾ ਸਿੱਧਾ ਦਰਸ਼ਨ ਕਰਦੇ ਹਨ।
ਰਬਿੰਦਰ ਨਰਾਇਣ ਨੇ SGPC ਨੂੰ ਅਪੀਲ ਵਿੱਚ ਇਹ ਮੱਦਾ ਸਪੱਸ਼ਟ ਤੌਰ ‘ਤੇ ਰੱਖਣ ਦੀ ਹਦਾਇਤ ਦਿੱਤੀ ਹੈ, ਯੂਟਿਊਬ ਸਟ੍ਰਾਈਕ ਦੀ ਮੁੜ ਸਮੀਖਿਆ ਕਰਕੇ ਚੈਨਲ ਨੂੰ ਜਿੰਨਾ ਜਲਦੀ ਹੋ ਸਕੇ ਬਹਾਲ ਕਰੇ ਤੇ ਧਾਰਮਿਕ ਪ੍ਰਸਾਰਣ ਨਿਰਵਿਘਨ ਤਰੀਕੇ ਨਾਲ ਮੁੜ ਸ਼ੁਰੂ ਹੋ ਸਕੇ।

