ਚੰਡੀਗੜ੍ਹ :- ਪੰਜਾਬ ਵਿੱਚ ਲੰਬੇ ਸਮੇਂ ਤੋਂ ਰੋਕੀਆਂ ਗਈਆਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਹੁਣ ਪੂਰੀ ਤਰ੍ਹਾਂ ਦਸਤਕ ਦੇਣ ਜਾ ਰਹੀਆਂ ਹਨ। ਸਰਕਾਰੀ ਸਰੋਤਾਂ ਮੁਤਾਬਕ ਦਸੰਬਰ ਮਹੀਨੇ ਵਿੱਚ 23 ਜ਼ਿਲ੍ਹਾ ਪ੍ਰੀਸ਼ਦ ਅਤੇ 154 ਪੰਚਾਇਤ ਸੰਮਤੀਆਂ ਲਈ ਵੋਟਿੰਗ ਪ੍ਰਕਿਰਿਆ ਪੂਰੀ ਕਰਵਾਉਣ ਦੀ ਤਿਆਰੀ ਅੰਤਿਮ ਪੜਾਅ ਵਿੱਚ ਹੈ।
ਰਾਜ ਚੋਣ ਕਮਿਸ਼ਨ ਨੇ ਤਿਆਰੀਆਂ ਫਾਈਨਲ ਕੀਤੀਆਂ, ਸ਼ਡਿਊਲ ਕਿਸੇ ਵੀ ਵੇਲੇ
ਰਾਜ ਚੋਣ ਕਮਿਸ਼ਨ ਨੇ ਪੂਰੇ ਸੂਬੇ ‘ਚ ਚੋਣ ਪ੍ਰਬੰਧਾਂ ਨੂੰ ਸੰਭਾਲਣ ਲਈ ਅਧਿਕਾਰੀਆਂ ਨੂੰ ਤਾਇਨਾਤ ਕਰਕੇ ਸਾਰਾ ਪ੍ਰੀ-ਪਲਾਨਿੰਗ ਕੰਮ ਮੁਕੰਮਲ ਕਰ ਲਿਆ ਹੈ।
ਚੋਣਾਂ ਦੀਆਂ ਅਧਿਕਾਰਤ ਤਾਰੀਖਾਂ ਦਾ ਐਲਾਨ ਹੁਣ ਕਿਸੇ ਵੀ ਸਮੇਂ ਹੋ ਸਕਦਾ ਹੈ। ਸੂਤਰਾਂ ਅਨੁਸਾਰ ਸੰਭਾਵਨਾ ਹੈ ਕਿ ਵੋਟਿੰਗ 14 ਦਸੰਬਰ ਨੂੰ ਹੋ ਸਕਦੀ ਹੈ, ਹਾਲਾਂਕਿ ਇਸ ਬਾਰੇ ਆਖ਼ਰੀ ਫ਼ੈਸਲਾ ਕਮਿਸ਼ਨ ਦੇ ਐਲਾਨ ਤੋਂ ਬਾਅਦ ਹੀ ਪੱਕਾ ਹੋਵੇਗਾ।
ਕਾਫ਼ੀ ਸਮੇਂ ਤੋਂ ਰੁਕੀ ਪ੍ਰਕਿਰਿਆ ਨੂੰ ਮੁੜ ਰਫ਼ਤਾਰ
ਪੰਜਾਬ ਦੀਆਂ ਇਹ ਚੋਣਾਂ ਪਿਛਲੇ ਕਾਫ਼ੀ ਸਮੇਂ ਤੋਂ ਲਟਕੀਆਂ ਹੋਈਆਂ ਸਨ, ਜਿਸ ਕਾਰਨ ਸਥਾਨਕ ਸਰਕਾਰ ਦੀ ਕਾਰਗੁਜ਼ਾਰੀ ਅਤੇ ਅਹਿਮ ਫੈਸਲਿਆਂ ‘ਤੇ ਅਸਰ ਪੈ ਰਿਹਾ ਸੀ। ਹੁਣ, ਮੁੜ ਤੋਂ ਨਵੇਂ ਚਿਹਰਿਆਂ ਦੀ ਚੋਣ ਲਈ ਮਾਹੌਲ ਬਣ ਗਿਆ ਹੈ ਅਤੇ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਨੂੰ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਅਧਿਕਾਰਤ ਐਲਾਨ ਦੀ ਉਡੀਕ, ਇੰਤਜ਼ਾਰ ਜਲਦ ਖ਼ਤਮ
ਚੋਣ ਕਮਿਸ਼ਨ ਦੀ ਹਰੀ ਝੰਡੀ ਮਿਲਦੇ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਚੋਣ ਪ੍ਰਕਿਰਿਆ ਦਸੰਬਰ ਦੇ ਦੂਜੇ ਹਫ਼ਤੇ ਤੋਂ ਹੀ ਚਲ ਪੈਣ ਦੀ ਪੂਰੀ ਸੰਭਾਵਨਾ ਦਰਸਾਈ ਜਾ ਰਹੀ ਹੈ।

