ਫਰੀਦਾਬਾਦ :- ਹਰਿਆਣਾ ਦੇ ਫਰੀਦਾਬਾਦ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਲਾਲ ਕਿਲ੍ਹਾ ਇਲਾਕੇ ਵਿੱਚ ਹੋਏ ਧਮਾਕੇ ਨੂੰ ਲੈ ਕੇ ਸਖ਼ਤ ਰੁੱਖ ਅਖਤਿਆਰ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸੇ ਵੀ ਹਾਲਤ ਵਿੱਚ ਦੋਸ਼ੀਆਂ ਨੂੰ ਨਿਆਂ ਤੋਂ ਨਹੀਂ ਬਚਣ ਦੇਵੇਗੀ। ਸ਼ਾਹ ਨੇ ਦਾਅਵਾ ਕੀਤਾ ਕਿ ਧਮਾਕੇ ਦੇ ਪਿੱਛੇ ਲੁਕੇ ਲੋਕਾਂ ਨੂੰ “ਪਾਤਾਲੋਂ ਵੀ ਲੱਭਿਆ” ਜਾਵੇਗਾ ਅਤੇ ਅਦਾਲਤ ਅੱਗੇ ਪੇਸ਼ ਕਰਕੇ ਉਨ੍ਹਾਂ ਨੂੰ ਕੱਡੜ ਸਜ਼ਾ ਦਿਵਾਈ ਜਾਵੇਗੀ।
ਉੱਤਰੀ ਜ਼ੋਨਲ ਕੌਂਸਲ ਮੀਟਿੰਗ ਚ’ ਮੁੱਖ ਮੰਤਰੀਆਂ ਦੀ ਹਾਜ਼ਰੀ
ਸੂਰਜਕੁੰਡ ਵਿੱਚ ਹੋਈ ਉੱਤਰੀ ਜ਼ੋਨਲ ਕੌਂਸਲ ਦੀ 32ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ਼ਾਹ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ਵਾਸ ਹੈ ਕਿ ਮਜ਼ਬੂਤ ਰਾਜ ਹੀ ਮਜ਼ਬੂਤ ਰਾਸ਼ਟਰ ਦੀ ਨੀਂਹ ਰੱਖ ਸਕਦੇ ਹਨ। ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਿਮਾਚਲ ਦੇ ਸੁਖਵਿੰਦਰ ਸਿੰਘ ਸੁੱਖੂ, ਜੰਮੂ-ਕਸ਼ਮੀਰ ਦੇ ਉਮਰ ਅਬਦੁੱਲਾ, ਰਾਜਸਥਾਨ ਦੇ ਭਜਨ ਲਾਲ ਸ਼ਰਮਾ ਅਤੇ ਦਿੱਲੀ ਦੀ ਸੀਐੱਮ ਰੇਖਾ ਗੁਪਤਾ ਵੀ ਸ਼ਾਮਲ ਸਨ।
ਮਹਿਲਾਵਾਂ ਤੇ ਬੱਚਿਆਂ ਵਿਰੁੱਧ ਅਪਰਾਧਾਂ ’ਤੇ ਤੇਜ਼ ਕਾਰਵਾਈ ਦੀ ਮੰਗ
ਅਮਿਤ ਸ਼ਾਹ ਨੇ ਸੂਬਿਆਂ ਨੂੰ ਅਪੀਲ ਕੀਤੀ ਕਿ ਮਹਿਲਾਵਾਂ ਅਤੇ ਬੱਚਿਆਂ ਨਾਲ ਜੁੜੇ ਜਿਨਸੀ ਅਪਰਾਧ ਦੇ ਕੇਸਾਂ ਦੀ ਜਾਂਚ ਤੇਜ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਸੱਭਿਆਚਾਰਿਕ ਸਮਾਜ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਫਾਸਟ ਟ੍ਰੈਕ ਅਦਾਲਤਾਂ ਦੀ ਗਿਣਤੀ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਨਵੇਂ ਅਪਰਾਧਿਕ ਕਾਨੂੰਨ– ਸਜ਼ਾ ਦਰ ’ਚ ਵਾਧੇ ਦਾ ਦਾਅਵਾ
ਗ੍ਰਹਿ ਮੰਤਰੀ ਨੇ ਖੁਲਾਸਾ ਕੀਤਾ ਕਿ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਸਜ਼ਾ ਦਰ ਵਿੱਚ 25 ਤੋਂ 40 ਫ਼ੀਸਦੀ ਤੱਕ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਹੁਣ ਤੇਜ਼ ਰਫ਼ਤਾਰ ਨਾਲ ਸਜ਼ਾ ਮਿਲ ਰਹੀ ਹੈ ਅਤੇ ਰਾਜ ਸਰਕਾਰਾਂ ਨੂੰ ਇਨ੍ਹਾਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਕਾਰਗਰ ਬਣਾਉਣ ਲਈ ਹੋਰ ਯਤਨ ਕਰਨੇ ਚਾਹੀਦੇ ਹਨ।

