ਚੰਡੀਗੜ੍ਹ :- ਉੱਤਰੀ ਜ਼ੋਨਲ ਕੌਂਸਲ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਗੱਲਬਾਤ ਬਾਰੇ ਪ੍ਰੈਸ ਸਾਹਮਣੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ ਨੇ ਆਪਣੇ ਅੰਤਰ-ਰਾਜੀ ਮੁੱਦੇ ਉੱਠਾਏ, ਜਦਕਿ ਮੈਂ ਪੰਜਾਬ ਨਾਲ ਜੁੜੇ ਮਹੱਤਵਪੂਰਨ ਸਵਾਲ ਉਨ੍ਹਾਂ ਅੱਗੇ ਰੱਖੇ।
“ਪੰਜਾਬ ਨੂੰ ਹਰ ਪਾਸੇੋਂ ਚੀਰਣ ਦੀ ਕੋਸ਼ਿਸ਼” — ਮਾਨ ਦੀ ਸਿੱਧੀ ਚੇਤਾਵਨੀ
CM ਮਾਨ ਨੇ ਕਿਹਾ ਕਿ ਅਜਿਹਾ ਮਹਿਸੂਸ ਹੋ ਰਿਹਾ ਹੈ ਜਿਵੇਂ ਹਰ ਕੋਈ ਪੰਜਾਬ ਦਾ ਹਿੱਸਾ ਲੈ ਜਾਣ ਨੂੰ ਬੇਤਾੜ ਹੋਇਆ ਬੈਠਾ ਹੈ। “ਕੋਈ ਹੈੱਡ ਵਰਕਸ ਮੰਗਦਾ, ਕੋਈ SYL, ਕੋਈ ਚੰਡੀਗੜ੍ਹ, ਕੋਈ ਬਿਜਲੀ ਦਾ ਹਿੱਸਾ, ਤਾਂ ਕੋਈ ਯੂਨੀਵਰਸਿਟੀ। ਸਾਰੇ ਲੈਣ ਵਾਸਤੇ ਖੜੇ ਹਨ ਪਰ ਜਦੋਂ ਅਸੀਂ 1600 ਕਰੋੜ ਰੁਪਏ ਮੰਗੇ, ਤਾਂ ਕਿਸੇ ਨੇ ਨਹੀਂ ਦਿੱਤੇ,” ਮਾਨ ਨੇ ਗੰਭੀਰ ਲਹਿਜ਼ੇ ਵਿੱਚ ਕਿਹਾ।
ਛੋਟੇ ਭਰਾ ਵੱਸ ਜਾਣ, ਤੇ ਵੱਡਾ ਹੀ ਉਜੜ ਜਾਵੇ — ਇਹ ਕਿਹੜਾ ਇਨਸਾਫ ਹੈ?
ਮੁੱਖ ਮੰਤਰੀ ਨੇ ਪ੍ਰਤੀਕਾਤਮਕ ਉਦਾਹਰਣ ਦਿੰਦੇ ਕਿਹਾ, “ਸਾਰੇ ਕਹਿੰਦੇ ਹਨ ਪੰਜਾਬ ਵੱਡਾ ਭਰਾ ਹੈ… ਪਰ ਵੱਡੇ ਭਰਾ ਨੂੰ ਹੀ ਖਾਲੀ ਕਰ ਦੇਵੋਗੇ ਤਾਂ ਘਰ ਚੱਲੇਗਾ ਕਿਵੇਂ? ਛੋਟੇ ਭਰਾ ਵੱਸ ਜਾਣ, ਤੇ ਵੱਡਾ ਹੀ ਉਜੜ ਜਾਵੇ — ਇਹ ਕਿਹੜਾ ਇਨਸਾਫ ਹੈ?” ਉਨ੍ਹਾਂ ਕਿਹਾ ਕੁਝ ਰਾਜ ਮੀਟਿੰਗਾਂ ‘ਚ ਪੁਰਾਣੀਆਂ ਗੱਲਾਂ ਦਾ ਰਾਗ ਅਲਾਪ ਕੇ ਆਪਣੀ ਜ਼ਿੰਮੇਵਾਰੀ ਤੋਂ ਟੱਲ੍ਹਣ ਦੀ ਕੋਸ਼ਿਸ਼ ਕਰਦੇ ਹਨ।
ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦੀ ਮੰਗ ਨੂੰ CM ਮਾਨ ਨੇ ਰੱਦ ਕੀਤਾ
ਹਰਿਆਣਾ ਵੱਲੋਂ ਆਪਣੇ ਕੁਝ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਜ਼ੁੜਨ ਦੀ ਮੰਗ ਬਾਰੇ CM ਮਾਨ ਸਿੱਧੇ ਬੋਲਦੇ ਨਜ਼ਰ ਆਏ। “ਇਹਨਾਂ ਕਾਲਜਾਂ ਦੀ ਮਿਆਦ ਵੀ ਖ਼ਤਮ ਹੋ ਚੁੱਕੀ। ਕੁਰੂਕਸ਼ੇਤਰ ਯੂਨੀਵਰਸਿਟੀ A+ ਗ੍ਰੇਡ ਵਾਲੀ ਹੈ — ਫਿਰ ਆਪਣੇ ਕਾਲਜ ਕਿਉਂ ਉਥੋਂ ਕੱਢ ਰਹੇ ਹੋ? ਇਹ ਤਾਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ,” ਮਾਨ ਨੇ ਦੋਸ਼ ਲਾਇਆ।
ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ — ਨੋਟਿਸ ਵਾਪਸ ਪਰ ਸੰਦੇਹ ਬਰਕਰਾਰ
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਫੈਸਲੇ ਵਿਰੁੱਧ ਵਿਦਿਆਰਥੀਆਂ ਵੱਲੋਂ ਘੋੜੇ ਜ਼ੋਰਾਂ ਨਾਲ ਪ੍ਰਦਰਸ਼ਨ ਹੋਇਆ, ਜਿਸ ਤੋਂ ਬਾਅਦ ਹਰਿਆਣਾ ਨੇ ਨੋਟਿਸ ਤਾਹੀਂ ਵਾਪਸ ਲੈ ਲਿਆ, ਪਰ ਇਸ ਵਿਚ ਕੋਈ ਸਪਸ਼ਟਤਾ ਨਹੀਂ। “ਬੱਚਿਆਂ ਦੇ ਪੇਪਰ ਨੇੜੇ ਹਨ, ਉਹਨਾਂ ਦੀ ਪੜ੍ਹਾਈ ਨਾਲ ਖਿਡਵਾਰ ਕਿਉਂ?” ਉਨ੍ਹਾਂ ਨੇ ਸਵਾਲ ਕੀਤਾ।
SYL ‘ਤੇ ਸਖ਼ਤ ਸਟੈਂਡ — “ਜਦ ਪਾਣੀ ਹੀ ਨਹੀਂ, SYL ਕਿੱਥੋਂ?”
SYL ਮੁੱਦੇ ‘ਤੇ CM ਮਾਨ ਨੇ ਸਭ ਤੋਂ ਸਖ਼ਤ ਰੁਖ਼ ਦਿਖਾਇਆ। “ਸੁਪਰੀਮ ਕੋਰਟ ਨੇ ਕਿਹਾ ਤੁਸੀਂ ਆਪ ਹੱਲ ਦੱਸੋ। ਅਸੀਂ ਕਿਹਾ SYL ਨਹੀਂ, YSL — ਯਮੁਨਾ-ਸਤਲੁਜ ਲਿੰਕ ਕਰੋ। ਕਿਉਂਕਿ ਸਤਲੁਜ ਹੁਣ ਦਰਿਆ ਨਹੀਂ, ਨਾਲਾ ਬਚਿਆ ਹੈ।”
ਮਾਨ ਨੇ ਕਿਹਾ, “ਹੜ੍ਹਾਂ ਕਾਰਨ ਸਾਨੂੰ ਵੱਡਾ ਨੁਕਸਾਨ ਹੋਇਆ, ਪਰ ਕੇਂਦਰ ਨੇ 1600 ਕਰੋੜ ਨਹੀਂ ਦਿੱਤੇ। ਚਾਵਲ-ਕਣਕ ਅਸੀਂ ਦਈਏ, ਦਾਲਾਂ-ਗੰਨਾ ਅਸੀਂ ਪੈਦਾ ਕਰੀਏ, ਪਰ ਜਦੋਂ ਅਸੀਂ ਮੰਗੀਏ ਤਾਂ ਪਾਣੀ ਨਹੀਂ?”
ਰਾਵੀ-ਬਿਆਸ ਦਾ ਵੀ ਹਿੱਸਾ ਮੰਗਿਆ ਜਾ ਰਿਹਾ — “ਯਮੁਨਾ ਤਾਂ ਤੁਸੀਂ ਸਾਨੂੰ ਦਿੰਦੇ ਨਹੀਂ!”
ਮੁੱਖ ਮੰਤਰੀ ਨੇ ਸਿੱਧਾ ਸਵਾਲ ਕੀਤਾ ਕਿ ਰਾਵੀ-ਬਿਆਸ ਦਾ ਹਰਿਆਣਾ ਨਾਲ ਕੀ ਲੈਣਾ-ਦੇਣਾ? “ਇਹ ਸਾਨੂੰ ਯਮੁਨਾ ਵਿੱਚੋਂ ਬੂੰਦ ਨਹੀਂ ਦਿੰਦੇ, ਪਰ ਸਾਡੇ ਦਰਿਆ ਵੀ ਚਾਹੀਦੇ। ਇਹ ਕੇਹੜਾ ਨਿਆਂ ਹੈ?”
“ਚਾਰੇ ਪਾਸਿਆਂ ਤੋਂ ਦਬਾਅ — ਸਮਝ ਨਹੀਂ ਆ ਰਿਹਾ ਦੁਸ਼ਮਣ ਕੌਣ?”
ਮਾਨ ਨੇ ਕਿਹਾ ਕਿ ਪੰਜਾਬ ਦੀ ਭੌਗੋਲਿਕ ਸਥਿਤੀ ਵੀ ਚੁਣੌਤੀ ਭਰੀ ਹੈ: “ਇੱਕ ਪਾਸੇ ਪਾਕਿਸਤਾਨ, ਦੂਜੇ ਰਾਜਸਥਾਨ, ਹਿਮਾਚਲ, ਹਰਿਆਣਾ… ਅਸੀਂ ਕਰੀਏ ਕੀ? ਸ਼ੁਕਰ ਹੈ ਕਿ ਹੁਣ ਤੱਕ ਜੰਮੂ-ਕਸ਼ਮੀਰ ਨੇ ਕੋਈ ਮੰਗ ਨਹੀਂ ਕੀਤੀ।”
ਉਨ੍ਹਾਂ ਚੋਟ ਕੀਤੀ: ਜੇ ਸਾਡੇ ਕੋਲ ਤੇਲ ਜਾਂ ਕੋਲਾ ਹੁੰਦਾ, ਤਾਂ ਉਹ ਵੀ ਮੰਗਣ ਆ ਜਾਣਾ ਸੀ।

