ਅੰਮ੍ਰਿਤਸਰ :- ਅੰਮ੍ਰਿਤਸਰ ਦੇ ਮੁੱਖ ਬੱਸ ਅੱਡੇ ‘ਚ ਅੱਜ ਸਵੇਰੇ ਨਿੱਜੀ ਬੱਸ ਆਪਰੇਟਰਾਂ ਦੇ ਕਰਮਚਾਰੀਆਂ ਵਿਚਕਾਰ ਹੋਈ ਤਕਰਾਰ ਪਲ ਭਰ ਵਿੱਚ ਹੀ ਖੂਨੀ ਰੂਪ ਧਾਰ ਗਈ। ਦੋਨੋ ਪਾਸਿਆਂ ਵਿਚਕਾਰ ਕਾਫ਼ੀ ਸਮੇਂ ਤੋਂ ਚੱਲ ਰਿਹਾ ਤਣਾਅ ਅੱਜ ਇਸ ਕਦਰ ਵਧ ਗਿਆ ਕਿ ਗੋਲੀਆਂ ਤੜਤੜਾਉਣ ਲੱਗੀਆਂ ਅਤੇ ਸਾਰਾ ਅੱਡਾ ਦਹਿਸ਼ਤ ਨਾਲ ਬਰ ਜਾ ਪਿਆ।
ਯਾਤਰੀ ਚੜ੍ਹਾਉਣ ਨੂੰ ਲੈ ਕੇ ਝਗੜਾ—ਚੱਲੀਆਂ ਕਈ ਗੋਲੀਆਂ
ਮੌਜੂਦਾ ਗਵਾਹਾਂ ਮੁਤਾਬਕ, ਬੱਸਾਂ ਦੀ ਐਂਟਰੀ ਅਤੇ ਯਾਤਰੀਆਂ ਦੀ ਬੋਰਡਿੰਗ ਨੂੰ ਲੈ ਕੇ ਦੋਨੋ ਪਾਸਿਆਂ ਦੀ ਰੱਜ-ਕੇ ਕਹਾਸੁਨੀ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ। ਅੱਜ ਗੁੱਸਾ ਇੰਨਾ ਵਧਿਆ ਕਿ ਇੱਕ ਕਰਮਚਾਰੀ ਨੇ ਅਚਾਨਕ ਹਥਿਆਰ ਕੱਢ ਕੇ ਫਾਇਰਿੰਗ ਕਰ ਦਿੱਤੀ। ਚਾਰ ਗੋਲੀਆਂ ਲੱਗਣ ਨਾਲ ਇੱਕ ਕਰਮਚਾਰੀ ਮੌਕੇ ‘ਤੇ ਹੀ ਗੰਭੀਰ ਜ਼ਖ਼ਮੀ ਹੋ ਕੇ ਡਿੱਗ ਪਿਆ।
ਇੱਕ ਦੀ ਮੌਤ
ਮ੍ਰਿਤਕ ਦੀ ਪਹਿਚਾਣ ਮੱਖਣ ਵਜੋਂ ਹੋਈ ਹੈ। ਓਸਨੂੰ ਨਿੱਜੀ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ, ਦੌਰਾਨੇ ਇਲਾਜ ਉਸਦੀ ਮੌਤ ਹੋ ਗਈ।
ਪੁਲਿਸ ਨੇ ਛੇ ਖੋਕ਼ੇ ਕੀਤੇ ਕਬਜ਼ੇ ‘ਚ, CCTV ਫੁਟੇਜ ਖੰਗਾਲੀ ਜਾ ਰਹੀ
ਸੂਚਨਾ ਮਿਲਦੇ ਹੀ ਏਸੀਪੀ ਗਗਨਦੀਪ ਦੀ ਅਗਵਾਈ ‘ਚ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਇਲਾਕੇ ਨੂੰ ਘੇਰ ਕੇ ਤਲਾਸ਼ ਮੁਹਿੰਮ ਚਲਾਈ ਗਈ ਅਤੇ ਮੌਕੇ ਤੋਂ ਛੇ ਖੋਕ਼ੇ ਬਰਾਮਦ ਕੀਤੇ ਗਏ। ਨੇੜਲੇ CCTV ਕੈਮਰਿਆਂ ਦੀ ਰਿਕਾਰਡਿੰਗ ਵੀ ਚੈਕ ਕੀਤੀ ਜਾ ਰਹੀ ਹੈ, ਤਾਂ ਜੋ ਦੋਸ਼ੀ ਦੀ ਸਹੀ ਪਛਾਣ ਅਤੇ ਉਸਦੀ ਗਤੀਵਿਧੀ ਬਾਰੇ ਪੁਖ਼ਤਾ ਜਾਣਕਾਰੀ ਮਿਲ ਸਕੇ।
ਆਰੋਪੀ ਮੌਕੇ ਤੋਂ ਫਰਾਰ, ਗ੍ਰਿਫ਼ਤਾਰੀ ਲਈ ਤਲਾਸ਼ ਜਾਰੀ
ਫਾਇਰਿੰਗ ਕਰਨ ਵਾਲਾ ਕਰਮਚਾਰੀ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਨੇ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਤਲਾਸ਼ ਤੇਜ਼ ਕਰ ਦਿੱਤੀ ਹੈ। ਮੁੱਢਲੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਝਗੜਾ ਬੱਸਾਂ ਦੇ ਸਮੇਂ ਅਤੇ ਯਾਤਰੀ ਚੜ੍ਹਾਉਣ ਨੂੰ ਲੈ ਕੇ ਹੋਇਆ।

