ਨਵੀਂ ਦਿੱਲੀ :- ਸਾਊਦੀ ਅਰਬ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਨੇ ਭਾਰਤ ਸਮੇਤ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਹੈ। ਉਮਰਾਹ ਅਦਾ ਕਰਨ ਗਏ ਭਾਰਤੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਮੱਕਾ ਤੋਂ ਮਦੀਨਾ ਦੇ ਰੂਟ ‘ਤੇ ਮੁਫਰਹਿਤ ਨੇੜੇ ਇੱਕ ਡੀਜ਼ਲ ਟੈਂਕਰ ਨਾਲ ਟੱਕਰਾਉ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਵਿੱਚ ਅੱਗ ਲੱਗ ਗਈ, ਜਿਸ ਨਾਲ ਘੱਟੋ-ਘੱਟ 42 ਭਾਰਤੀਆਂ ਦੀ ਮੌਤ ਹੋ ਗਈ।
ਤੇਲੰਗਾਨਾ ਸਰਕਾਰ ਐਕਸ਼ਨ ‘ਚ, ਦੂਤਾਵਾਸ ਨਾਲ ਨੇੜੇ ਸੰਪਰਕ
ਤੇਲੰਗਾਨਾ ਸਰਕਾਰ ਨੇ ਹਾਦਸੇ ‘ਤੇ ਚਿੰਤਾ ਜਤਾਉਂਦੇ ਹੋਏ ਕਿਹਾ ਹੈ ਕਿ ਉਹ ਰਿਆਧ ਵਿੱਚ ਭਾਰਤੀ ਦੂਤਾਵਾਸ ਨਾਲ ਲਗਾਤਾਰ ਸੰਪਰਕ ਵਿੱਚ ਹੈ। ਰਾਜ ਸਰਕਾਰ ਦੇ ਅਧਿਕਾਰਤ ਬਿਆਨ ਮੁਤਾਬਕ, ਮੁੱਖ ਮੰਤਰੀ ਰੇਵੰਤ ਰੈੱਡੀ ਨੇ ਨਵੀਂ ਦਿੱਲੀ ਵਿੱਚ ਅਧਿਕਾਰੀਆਂ ਨੂੰ ਤੁਰੰਤ ਚੇਤਾਵਨੀ ਜਾਰੀ ਕਰਕੇ ਦੂਤਾਵਾਸ ਨਾਲ ਤਾਲਮੇਲ ਬਣਾਉਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਕਿ ਮੱਦਦ ਕਾਰਜ ਤੇਜ਼ੀ ਨਾਲ ਕੀਤਾ ਜਾ ਸਕੇ।
ਹੈਦਰਾਬਾਦ ਦੇ 16 ਵਸਨੀਕਾਂ ਦੀ ਮੌਤ ਦੀ ਪੁਸ਼ਟੀ ਦੀ ਪ੍ਰਕਿਰਿਆ ਜਾਰੀ
ਤੇਲੰਗਾਨਾ ਦੇ IT ਮੰਤਰੀ ਡੀ. ਸ਼੍ਰੀਧਰ ਬਾਬੂ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਮਾਰੇ ਗਏ ਲੋਕਾਂ ਵਿੱਚੋਂ ਘੱਟੋ-ਘੱਟ 16 ਹਾਦਸਾ ਪੀੜਤ ਹੈਦਰਾਬਾਦ ਦੇ ਰਹਿਣ ਵਾਲੇ ਸਨ। ਇਹ ਸਾਰੇ ਮੱਲੇਪੱਲੀ ਦੇ ਬਾਜ਼ਾਰਘਾਟ ਖੇਤਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਮ੍ਰਿਤਕਾਂ ਦੀ ਪਛਾਣ ਦੀ ਅੰਤਿਮ ਪੁਸ਼ਟੀ ਕਰਨ ਵਿੱਚ ਲੱਗੇ ਹੋਏ ਹਨ।
ਅਸਦੁਦੀਨ ਓਵੈਸੀ ਦੀ ਕੇਂਦਰ ਨੂੰ ਤੁਰੰਤ ਕਾਰਵਾਈ ਦੀ ਅਪੀਲ
ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਹਾਦਸੇ ਨੂੰ “ਸ਼ੋਕਦਾਇਕ ਅਤੇ ਸਹਮਾਉਣ ਵਾਲਾ” ਦੱਸਦੇ ਹੋਏ ਕਿਹਾ ਕਿ ਬੱਸ ਵਿੱਚ ਅੱਗ ਲੱਗਣ ਕਾਰਨ ਯਾਤਰੀਆਂ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਰਹੀ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ, ਤਾਂ ਕਿ ਪੀੜਤ ਪਰਿਵਾਰਾਂ ਨੂੰ ਮੱਦਦ ਅਤੇ ਸਹਾਇਤਾ ਜਲਦੀ ਮਿਲ ਸਕੇ।

