ਚੰਡੀਗੜ੍ਹ :- ਪੰਜਾਬ ਦੀਆਂ ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲੇ ਲੋਕਾਂ ਲਈ ਅੱਜ ਦਾ ਦਿਨ ਵੱਡੀ ਪਰੇਸ਼ਾਨੀ ਲਿਆ ਸਕਦਾ ਹੈ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੇ ਕੰਟਰੈਕਟ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਜੰਗ ਦਾ ਐਲਾਨ ਕਰ ਦਿੱਤਾ ਹੈ। ਯੂਨੀਅਨਾਂ ਦਾ ਦੋ ਟੁੱਕ ਕਹਿਣਾ ਹੈ ਕਿ ਸਰਕਾਰ ਹੌਲੀ–ਹੌਲੀ ਟਰਾਂਸਪੋਰਟ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸਦਾ ਉਹ ਪੂਰੀ ਤਰ੍ਹਾਂ ਵਿਰੋਧ ਕਰ ਰਹੇ ਹਨ।
ਦੁਪਹਿਰ 12 ਵਜੇ ਤੋਂ ਬੱਸਾਂ ਬੰਦ — ਸੂਬਾ ਪੱਧਰੀ ਹੜਤਾਲ ਦਾ ਐਲਾਨ
ਯੂਨੀਅਨਾਂ ਵੱਲੋਂ ਅੱਜ ਦੁਪਹਿਰ 12 ਵਜੇ ਤੋਂ ਸੂਬੇ ਭਰ ਦੀਆਂ ਸਾਰੀ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਬੱਸਾਂ ਨੂੰ ਪੂਰੀ ਤਰ੍ਹਾਂ ਖੜ੍ਹਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਯੂਨੀਅਨਾਂ ਦਾ ਕਹਿਣਾ ਹੈ ਕਿ 17 ਨਵੰਬਰ ਨੂੰ ਸਰਕਾਰ ‘ਕਿਲੋਮੀਟਰ ਸਕੀਮ’ ਹੇਠ ਪ੍ਰਾਈਵੇਟ ਬੱਸਾਂ ਲਈ ਟੈਂਡਰ ਖੋਲ੍ਹਣ ਜਾ ਰਹੀ ਹੈ, ਜੋ ਸਿੱਧਾ–ਸਿੱਧਾ ਸਰਕਾਰੀ ਟਰਾਂਸਪੋਰਟ ਨੂੰ ਕਮਜ਼ੋਰ ਕਰਨ ਦੀ ਯੋਜਨਾ ਹੈ।
ਯੂਨੀਅਨਾਂ ਦਾ ਦਾਅਵਾ ਹੈ ਕਿ ਉਹ ਇਸ ਮਾਡਲ ਦੇ ਨੁਕਸਾਨਾਂ ਬਾਰੇ ਸਰਕਾਰ ਨੂੰ ਕਈ ਵਾਰ ਲਿਖਤੀ ਤੇ ਮੌਖਿਕ ਤੌਰ ’ਤੇ ਜਾਗਰੂਕ ਕਰ ਚੁੱਕੀਆਂ ਹਨ, ਪਰ ਸਰਕਾਰ ਵੱਲੋਂ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ।
ਮੁਲਾਜ਼ਮਾਂ ਦੀ ਸਖ਼ਤ ਚਿਤਾਵਨੀ — ਪਹਿਲੀ ਲੜਾਈ ਐਮ.ਡੀ. ਤੇ ਚੇਅਰਮੈਨ ਦੇ ਘਰਾਂ ਦੇ ਬਾਹਰ
ਕਿਲੋਮੀਟਰ ਸਕੀਮ ਰੱਦ ਕਰਨ, ਅਸਥਾਈ ਸਟਾਫ ਨੂੰ ਪੱਕਾ ਕਰਨ, ਠੇਕੇਦਾਰੀ ਪ੍ਰਣਾਲੀ ਖਤਮ ਕਰਨ ਅਤੇ ਸੇਵਾ ਨਿਯਮ ਲਾਗੂ ਕਰਨ ਦੀਆਂ ਮੰਗਾਂ ਨੂੰ ਲੈ ਕੇ ਅੱਜ ਦਾ ਸਾਰਾ ਦਿਨ ਵਿਰੋਧ ਕਾਰਵਾਈਆਂ ਵਿੱਚ ਬੀਤੇਗਾ।
ਯੂਨੀਅਨਾਂ ਨੇ ਹੁਕਮ ਦਿੱਤਾ ਹੈ ਕਿ ਸਾਰੇ ਡਿਪੂ ਕਮੇਟੀਆਂ ਆਪਣੇ ਡਿਪੂਆਂ ‘ਤੇ ਡਟ ਕੇ ਖੜ੍ਹੀਆਂ ਰਹਿਣ। ਪਹਿਲੀ ਰੋਸ ਪ੍ਰਦਰਸ਼ਨ ਕਾਰਵਾਈ ਪੀਆਰਟੀਸੀ ਦੇ ਚੇਅਰਮੈਨ ਅਤੇ ਐਮ.ਡੀ. ਦੇ ਨਿਵਾਸ ਸਥਾਨਾਂ ਤੇ ਮੁੱਖ ਦਫਤਰਾਂ ਦੇ ਬਾਹਰ ਹੋਵੇਗੀ।

