ਨਵੀਂ ਦਿੱਲੀ :- ਸੰਸਾਰ ਦੀ ਸਭ ਤੋਂ ਵੱਡੀ ਆਰਥਿਕ ਅਤੇ ਰਣਨੀਤਕ ਤਾਕਤ ਮੰਨੇ ਜਾਂਦੇ ਅਮਰੀਕਾ ਵੱਲੋਂ ਚਲ ਰਹੇ ਸਾਲ 2025 ਵਿੱਚ ਹੁਣ ਤੱਕ 1,703 ਭਾਰਤੀ ਨਾਗਰਿਕਾਂ ਨੂੰ ਦੇਸ਼ ਤੋਂ ਡਿਪੋਰਟ ਕੀਤਾ ਗਿਆ ਹੈ। ਇਹ ਜਾਣਕਾਰੀ ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਹਾਲ ਹੀ ਵਿੱਚ ਲੋਕ ਸਭਾ ਵਿਚ ਸਾਂਝੀ ਕੀਤੀ।
ਵਧੀਕ ਹੈਰਾਨ ਕਰ ਦੇਣ ਵਾਲੀ ਗੱਲ ਇਹ ਰਹੀ ਕਿ ਇਨ੍ਹਾਂ ’ਚੋਂ 141 ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਅਮਰੀਕਾ ਤੋਂ ਵਾਪਸ ਭਾਰਤ ਭੇਜਿਆ ਗਿਆ।
ਪਿਛਲੇ 5 ਸਾਲਾਂ ‘ਚ 5,500 ਤੋਂ ਵੱਧ ਭਾਰਤੀ ਭੇਜੇ ਗਏ ਵਾਪਸ
ਮੰਤਰੀ ਨੇ ਸਦਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 2020 ਤੋਂ 2024 ਤੱਕ ਦੀ ਮਿਆਦ ਦੌਰਾਨ, ਅਮਰੀਕਾ ਨੇ ਕੁੱਲ 5,541 ਭਾਰਤੀਆਂ ਨੂੰ ਡਿਪੋਰਟ ਕਰਕੇ ਭਾਰਤ ਭੇਜਿਆ। ਉਨ੍ਹਾਂ ਕਿਹਾ ਕਿ ਸਿਰਫ਼ ਚਾਲੂ ਸਾਲ 22 ਜੁਲਾਈ 2025 ਤੱਕ, ਇਹ ਗਿਣਤੀ 1,703 ਤੱਕ ਪਹੁੰਚ ਚੁੱਕੀ ਹੈ, ਜੋ ਕਿ ਇੱਕ ਵੱਡਾ ਅੰਕੜਾ ਹੈ।
ਸਿਰਫ ਅਮਰੀਕਾ ਹੀ ਨਹੀਂ, ਬਲਕਿ ਯੂਰਪ ਦੇ ਪ੍ਰਮੁੱਖ ਦੇਸ਼ ਬ੍ਰਿਟੇਨ ਤੋਂ ਵੀ ਹਾਲੀਆ ਸਾਲਾਂ ਵਿੱਚ ਕਈ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ। ਅੰਕੜਿਆਂ ਮੁਤਾਬਕ, 2020 ਤੋਂ 2024 ਤੱਕ 311 ਭਾਰਤੀ ਨਾਗਰਿਕ ਯੂਕੇ ਤੋਂ ਭਾਰਤ ਵਾਪਸ ਆਏ, ਜਦਕਿ 2025 ਵਿੱਚ ਹੁਣ ਤਕ 131 ਭਾਰਤੀਆਂ ਨੂੰ ਬ੍ਰਿਟੇਨ ਵੱਲੋਂ ਡਿਪੋਰਟ ਕੀਤਾ ਗਿਆ ਹੈ।
ਕਿਉਂ ਹੋ ਰਹੀ ਭਾਰਤੀਆਂ ਦੀ ਡਿਪੋਰਟੇਸ਼ਨ?
ਇਹ ਡਿਪੋਰਟੇਸ਼ਨ ਵੱਖ-ਵੱਖ ਕਾਰਨਾਂ ਕਰਕੇ ਹੋ ਰਹੀ ਹੈ, ਜਿਵੇਂ ਕਿ ਵਿਦੇਸ਼ੀ ਕਾਨੂੰਨਾਂ ਦੀ ਉਲੰਘਣਾ, ਗ਼ਲਤ ਇਮੀਗ੍ਰੇਸ਼ਨ ਦਸਤਾਵੇਜ਼, ਜਾਂ ਸਿਰਫ਼ ਵਿਦੇਸ਼ੀ ਨਿਯਮਾਂ ਦੀ ਪਾਲਣਾ ਨਾ ਕਰਨਾ। ਵਿਦੇਸ਼ ਮੰਤਰਾਲਾ ਅਜਿਹੀਆਂ ਸਥਿਤੀਆਂ ਵਿੱਚ ਪੀੜਤ ਭਾਰਤੀਆਂ ਦੀ ਮਦਦ ਕਰ ਰਿਹਾ ਹੈ, ਪਰ ਸਰਹੱਦ ਤੋਂ ਪਰੇ ਨਿਯਮ ਕਾਇਮ ਹਨ, ਜਿਨ੍ਹਾਂ ਦੀ ਉਲੰਘਣਾ ਡਿਪੋਰਟੇਸ਼ਨ ਦਾ ਕਾਰਨ ਬਣਦੀ ਹੈ।