ਨਵੀਂ ਦਿੱਲੀ :- ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਘਾਤਕ ਕਾਰ ਧਮਾਕੇ ਦੇ ਮਾਮਲੇ ਨੇ ਇੱਕ ਵਾਰ ਫਿਰ ਤੀਬਰ ਮੋੜ ਲੈ ਲਿਆ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੱਛਮੀ ਬੰਗਾਲ ਦੇ ਉੱਤਰ ਦਿਨਾਜਪੁਰ ਜ਼ਿਲ੍ਹੇ ਤੋਂ ਇੱਕ MBBS ਵਿਦਿਆਰਥੀ ਨੂੰ ਹਿਰਾਸਤ ਵਿਚ ਲਿਆ ਹੈ, ਜਿਸ ਦੀ ਦਹਿਸ਼ਤਗਰਦ ਗਤੀਵਿਧੀਆਂ ਨਾਲ ਸੰਭਾਵੀ ਕੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਵਿਦਿਆਰਥੀ ਦੀ ਪਛਾਣ ਜਾਣਿਸੁਰ ਅਲਮ, ਉਰਫ਼ ਨਿਸਾਰ ਅਲਮ, ਵਜੋਂ ਹੋਈ ਹੈ, ਜੋ ਹਰਿਆਣਾ ਦੀ ਅਲ-ਫਲਾਹ ਯੂਨੀਵਰਸਿਟੀ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਲੁਧਿਆਣਾ ਵਿੱਚ ਰਹਿੰਦਾ ਸੀ। ਉਸਦਾ ਮੂਲ ਨਿਵਾਸ ਦਾਲਖੋਲਾ ਨੇੜੇ ਕੋਨਾਲ ਪਿੰਡ ਹੈ।
ਮੋਬਾਈਲ ਟਾਵਰ ਲੋਕੇਸ਼ਨ ਨੇ ਪਕੜਵਾਇਆ
ਅਧਿਕਾਰੀਆਂ ਮੁਤਾਬਕ, ਅਲਮ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਪਰਿਵਾਰਕ ਵਿਆਹ ਤੋਂ ਵਾਪਸ ਆਪਣੇ ਪਿੰਡ ਤੋਂ ਸੁੁਰਜਾਪੁਰ ਬਾਜ਼ਾਰ ਰਾਹੀਂ ਘਰ ਜਾ ਰਿਹਾ ਸੀ। ਉਸਦੀ ਹਰ ਹਿਲਚਲ ਨੂੰ ਮੋਬਾਈਲ ਟਾਵਰ ਲੋਕੇਸ਼ਨਾਂ ਦੇ ਆਧਾਰ ‘ਤੇ ਟਰੈਕ ਕਰਨ ਤੋਂ ਬਾਅਦ NIA ਦੀ ਟੀਮ ਨੇ ਉਸਦਾ ਰਸਤਾ ਰੋਕਿਆ। ਪੁੱਛਗਿੱਛ ਦੌਰਾਨ ਭੱਜਣ ਦੀ ਕੋਸ਼ਿਸ਼ ਕਰਨ ‘ਤੇ ਉਸਨੂੰ ਤੁਰੰਤ ਹਿਰਾਸਤ ਵਿੱਚ ਲਿਆਂਦਾ ਗਿਆ।
ਲਾਲ ਕਿਲ੍ਹੇ ਬਲਾਸਟ ਨਾਲ ਜੋੜ ਦੀ ਜਾਂਚ
ਤਫਤੀਸ਼ੀ ਏਜੰਸੀਆਂ ਦਾ ਮੰਨਣਾ ਹੈ ਕਿ ਅਲਮ ਕੋਲ ਦਿੱਲੀ ਲਾਲ ਕਿਲ੍ਹਾ ਬਲਾਸਟ ਬਾਰੇ ਮਹੱਤਵਪੂਰਨ ਜਾਣਕਾਰੀ ਹੋ ਸਕਦੀ ਹੈ—ਉਹ ਬਲਾਸਟ ਜਿਸ ਨੇ 13 ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਸੀ ਅਤੇ ਕਈਆਂ ਨੂੰ ਜ਼ਖ਼ਮੀ ਕੀਤਾ ਸੀ। ਹਾਲਾਂਕਿ NIA ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਇਸ ਵਿਦਿਆਰਥੀ ਦੀ ਭੂਮਿਕਾ ਕੀ ਹੈ ਜਾਂ ਧਮਾਕੇ ਨਾਲ ਉਸਦਾ ਸਿੱਧਾ ਸੰਬੰਧ ਹੈ ਜਾਂ ਨਹੀਂ, ਪਰ ਉਸ ਕੋਲੋਂ ਬਰਾਮਦ ਡਿਜ਼ਿਟਲ ਡਿਵਾਈਸ ਅਤੇ ਦਸਤਾਵੇਜ਼ ਫੋਰੈਂਸਿਕ ਜਾਂਚ ਲਈ ਭੇਜੇ ਗਏ ਹਨ।
ਸਥਾਨਕ ਰੇਲਵੇ ਸਟੇਸ਼ਨ ਨੇੜੇ ਸ਼ੱਕੀ ਗਤੀਵਿਧੀ
ਇੱਕ ਹੋਰ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਕੁਝ ਦਿਨ ਪਹਿਲਾਂ ਅਲਮ ਨੂੰ ਸਥਾਨਕ ਰੇਲਵੇ ਸਟੇਸ਼ਨ ਨੇੜੇ “ਸ਼ੱਕੀ ਤਰੀਕੇ” ਨਾਲ ਘੁੰਮਦਾ ਦੇਖਿਆ ਗਿਆ ਸੀ, ਜਿਸ ਨਾਲ ਉਸ ‘ਤੇ ਨਿਗਰਾਨੀ ਹੋਰ ਵਧ ਗਈ। ਹਿਰਾਸਤ ‘ਚ ਲੈਣ ਤੋਂ ਬਾਅਦ ਉਸਨੂੰ ਸਿਲਿਗੁੜੀ ਲਿਜਾ ਕੇ ਵਿਸਥਾਰਪੂਰਵਕ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਰਿਵਾਰ ਨੇ ਲਗਾਏ ਦੋਸ਼ਾਂ ਨੂੰ ਖੰਡਿਤ ਕੀਤਾ
ਅਲਮ ਦੇ ਪਰਿਵਾਰ ਨੇ ਉਸ ‘ਤੇ ਲਗੇ ਸਾਰੇ ਦੋਸ਼ ਰੱਦ ਕਰ ਦਿੱਤੇ ਹਨ। ਉਸਦੀ ਮਾਤਾ ਨੇ ਕਿਹਾ ਕਿ ਉਹ ਇੱਕ ਸ਼ਾਂਤ ਸੁਭਾਅ ਵਾਲਾ, ਪੜ੍ਹਾਈ ਵਿਚ ਡੁੱਬਿਆ ਰਹਿਣ ਵਾਲਾ ਬੱਚਾ ਹੈ ਤੇ ਕਦੇ ਕਿਸੇ ਗਲਤ ਕੰਮ ‘ਚ ਨਹੀਂ ਰਿਹਾ। ਚਾਚੇ ਨੇ ਵੀ ਇਸ ਕਾਰਵਾਈ ਨੂੰ “ਹੱਦ ਤੋਂ ਵੱਧ ਚੌਂਕਾਉਣ ਵਾਲੀ” ਕਰਾਰ ਦਿੱਤਾ।
ਮੁਰਸ਼ਿਦਾਬਾਦ ਵਿਚ ਹੋਰ ਛਾਪਾ
ਲਾਲ ਕਿਲ੍ਹਾ ਬਲਾਸਟ ਮਾਮਲੇ ਦੀ ਲੜੀ ਵਿਚ ਹੀ NIA ਨੇ ਮੁਰਸ਼ਿਦਾਬਾਦ ਦੇ ਨਬਾਗ੍ਰਾਮ ‘ਚ ਮਾਈਗ੍ਰੈਂਟ ਵਰਕਰ ਮੋਇਨੁਲ ਹਸਨ ਦੇ ਘਰ ‘ਤੇ ਵੀ ਛਾਪਾ ਮਾਰਿਆ ਹੈ। ਜਾਂਚ ਟੀਮ ਇਹ ਪਤਾ ਲਗਾ ਰਹੀ ਹੈ ਕਿ ਹਸਨ ਦੇ ਬੰਗਲਾਦੇਸ਼ੀ ਸਾਥੀ ਨਾਲ ਪਿਛਲੇ ਸੰਬੰਧਾਂ ਦਾ ਇਸ ਕੇਸ ਨਾਲ ਕੋਈ ਜੋੜ ਹੈ ਜਾਂ ਨਹੀਂ ਅਤੇ ਕੀ ਉਸਦੀ ਅਲਮ ਨਾਲ ਕੋਈ ਜਾਣ-ਪਛਾਣ ਸੀ।

