ਲੁਧਿਆਣਾ :- ਸ਼ਹਿਰ ਵਿੱਚ ਅੱਜ ਸਵੇਰੇ ਇਕ ਹੋਰ ਚਿੰਤਾਜਨਕ ਵਾਕਿਆ ਵਾਪਰਿਆ, ਜਿਸ ਨੇ ਕਾਨੂੰਨ-ਵਿਵਸਥਾ ਦੀ ਨਾਕਾਮੀ ਨੂੰ ਫਿਰ ਉਜਾਗਰ ਕਰ ਦਿੱਤਾ। ਗੁਰਦੁਆਰਾ ਸਾਹਿਬ ਦਰਸ਼ਨ ਲਈ ਘਰੋਂ ਨਿਕਲਿਆ ਇਕ ਬਜ਼ੁਰਗ ਸ਼ਰਧਾਲੂ ਰਾਹ ਵਿਚ ਤਿੰਨ ਅਣਪਛਾਤੇ ਨੌਜਵਾਨਾਂ ਦਾ ਨਿਸ਼ਾਨਾ ਬਣ ਗਿਆ, ਜਿਨ੍ਹਾਂ ਨੇ ਸੜਕ ਵਿਚਾਲੇ ਉਸ ਨੂੰ ਰੋਕ ਕੇ ਉਸਦੀ ਨਕਦੀ ਅਤੇ ਸਮਾਨ ਛੀਨ ਲਿਆ।
ਸਵੇਰੇ ਤੜਕੇ ਘੇਰ ਲਿਆ ਬਜ਼ੁਰਗ ਨੂੰ
ਮਿਲੀ ਜਾਣਕਾਰੀ ਅਨੁਸਾਰ, ਭਾਈ ਦਯਾ ਸਿੰਘ ਸੁਸਾਇਟੀ ਨਾਲ ਸਬੰਧਤ ਮਨਜੀਤ ਸਿੰਘ ਖ਼ਾਲਸਾ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾ ਰਹੇ ਸਨ। ਰਸਤੇ ਵਿਚ ਮੋਟਰਸਾਈਕਲ ‘ਤੇ ਆਏ ਤਿੰਨ ਨੌਜਵਾਨਾਂ ਨੇ ਪਹਿਲਾਂ ਉਨ੍ਹਾਂ ਨੂੰ ਆਵਾਜ਼ ਦੇ ਕੇ ਰੋਕਿਆ ਅਤੇ ਗੱਲਬਾਤ ਦਾ ਨਾਟਕ ਕਰਦੇ ਹੋਏ ਨੇੜੇ ਆਉਣ ਲਈ ਕਿਹਾ।
ਜੇਬਾਂ ਤੱਕ ਖੰਗਾਲ ਗਏ ਲੁਟੇਰੇ
ਮਨਜੀਤ ਸਿੰਘ ਨੇ ਦੱਸਿਆ ਕਿ ਜਿਉਂਹੀ ਉਹਨਾਂ ਨੇ ਆਪਣੀ ਐਕਟਿਵਾ ਰੋਕੀ, ਲੁਟੇਰਿਆਂ ਨੇ ਧਮਕੀ ਦੇ ਕੇ ਉਨ੍ਹਾਂ ਤੋਂ ਨਕਦੀ ਅਤੇ ਹੋਰ ਸਾਮਾਨ ਖੋਹਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਦੀਆਂ ਜੇਬਾਂ ਤੱਕ ਖੰਗਾਲੀਆਂ ਅਤੇ ਕੁਝ ਹੀ ਮਿੰਟਾਂ ਵਿੱਚ ਮੌਕੇ ਤੋਂ ਫਰਾਰ ਹੋ ਗਏ।
ਪੁਲਸ ਨੂੰ ਸੂਚਨਾ, ਸ਼ਿਕਾਇਤ ਦਰਜ
ਇਸ ਘਟਨਾ ਤੋਂ ਬਾਅਦ ਮਨਜੀਤ ਸਿੰਘ ਨੇ ਤੁਰੰਤ ਥਾਣਾ ਡਵੀਜ਼ਨ ਨੰਬਰ 3 ਅਤੇ ਸ਼ਿੰਗਾਰ ਸਿਨੇਮਾ ਚੌਕੀ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰ ਲਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
CCTV ਵਿਚ ਕੈਦ ਹੋਈ ਵਾਰਦਾਤ
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਲੁੱਟ ਦੀ ਇਹ ਪੂਰੀ ਘਟਨਾ ਨੇੜਲੇ CCTਵੀਂ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਮੀਦ ਹੈ ਕਿ ਪੁਲਸ ਨੂੰ ਦੋਸ਼ੀਆਂ ਦੀ ਪਛਾਣ ਵਿੱਚ ਮੱਦਦ ਮਿਲੇਗੀ।

