ਨਵੀਂ ਦਿੱਲੀ :- ਦਿੱਲੀ ਬੰਬ ਧਮਾਕਿਆਂ ਦੀ ਜਾਂਚ ਨੇ ਇੱਕ ਹੋਰ ਮਹੱਤਵਪੂਰਨ ਮੋੜ ਲਿਆ ਹੈ। ਸੁਰੱਖਿਆ ਏਜੰਸੀ ਨੇ ਪਠਾਨਕੋਟ ਦੇ ਇੱਕ ਨਿੱਜੀ ਮੈਡੀਕਲ ਕਾਲਜ ਤੋਂ ਜੰਮੂ-ਕਸ਼ਮੀਰ ਦੇ ਅਨੰਤਨਾਗ ਵਾਸੀ ਡਾ. ਰਈਸ ਅਹਿਮਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਉਸ ਸਮੇਂ ਹੋਈ ਜਦੋਂ ਜਾਂਚ ਟੀਮ ਨੂੰ ਉਸ ਦੇ ਕਈ ਸ਼ੱਕੀ ਸੰਪਰਕਾਂ ਬਾਰੇ ਪੱਕੀ ਜਾਣਕਾਰੀ ਮਿਲੀ।
ਕਾਲਜ ਤੋਂ ਸਿੱਧੀ ਗ੍ਰਿਫ਼ਤਾਰੀ
ਸੂਤਰਾਂ ਮੁਤਾਬਕ, ਏਜੰਸੀ ਦੀ ਟੀਮ ਨੇ ਕਾਰਵਾਈ ਮੈਡੀਕਲ ਕਾਲਜ ਦੇ ਅੰਦਰੋਂ ਹੀ ਕੀਤੀ, ਜਿੱਥੇ ਡਾ. ਰਈਸ ਸੇਵਾ ਨਿਭਾ ਰਿਹਾ ਸੀ। ਗ੍ਰਿਫ਼ਤਾਰੀ ਦੌਰਾਨ ਕਾਲਜ ਪ੍ਰਬੰਧਨ ਨੂੰ ਵੀ ਹੈਰਾਨੀ ਹੋਈ ਕਿਉਂਕਿ ਉਸ ਖ਼ਿਲਾਫ਼ ਪਹਿਲਾਂ ਕਦੇ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ ਸੀ।
ਫਰੀਦਾਬਾਦ ਯੂਨੀਵਰਸਿਟੀ ਨਾਲ ਪੁਰਾਣਾ ਨਾਤਾ
ਜਾਂਚ ਅਧਿਕਾਰੀਆਂ ਨੇ ਸਾਹਮਣੇ ਰੱਖਿਆ ਕਿ ਡਾ. ਰਈਸ 2020–21 ਦੌਰਾਨ ਫਰੀਦਾਬਾਦ ਦੀ ਏ.ਐਲ. ਫਲਾਹ ਯੂਨੀਵਰਸਿਟੀ ਵਿੱਚ ਨਿਯੁਕਤ ਸੀ। ਉੱਥੇ ਉਸਦੇ ਕਈ ਡਾਕਟਰਾਂ ਅਤੇ ਸਟਾਫ ਨਾਲ ਨਿੱਜੀ ਅਤੇ ਪੇਸ਼ਾਵਰ ਸਬੰਧ ਬਣੇ, ਜਿਨ੍ਹਾਂ ਦੀ ਜਾਂਚ ਹੁਣ ਮੁੜ ਖੰਗਾਲੀ ਜਾ ਰਹੀ ਹੈ।
ਮੁੱਖ ਦੋਸ਼ੀ ਨਾਲ ਸੰਭਾਵਿਤ ਲਿੰਕ
ਜਾਂਚ ਵਿੱਚ ਇੱਕ ਗੰਭੀਰ ਗੱਲ ਸਾਹਮਣੇ ਆਈ ਕਿ ਡਾ. ਰਈਸ ਦੀ ਦਿੱਲੀ ਧਮਾਕਾ ਮਾਮਲੇ ਦੇ ਮੁੱਖ ਦੋਸ਼ੀ ਡਾ. ਉਮਰ ਨਾਲ ਸੰਭਾਵਿਤ ਕਮਿਊਨੀਕੇਸ਼ਨ ਹਿਸਟਰੀ ਮਿਲੀ ਹੈ। ਇਸ ਲਿੰਕ ਨੇ ਏਜੰਸੀ ਨੂੰ ਉਸ ਵੱਲ ਧਿਆਨ ਕੇਂਦਰਿਤ ਕਰਨ ਲਈ ਮਜਬੂਰ ਕੀਤਾ।
ਏਜੰਸੀ ਨੇ ਕੀਤੀ ਕੜੀ ਪੁੱਛਗਿੱਛ
ਗ੍ਰਿਫ਼ਤਾਰੀ ਤੋਂ ਬਾਅਦ ਟੀਮ ਉਸ ਨੂੰ ਤੁਰੰਤ ਦਿੱਲੀ ਲੈ ਗਈ, ਜਿੱਥੇ ਉਸ ਨਾਲ ਕੜੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਡਾਕਟਰ ਦੇ ਡਿਜੀਟਲ ਡਿਵਾਈਸਾਂ ਅਤੇ ਕਾਲ ਰਿਕਾਰਡਾਂ ਤੋਂ ਹੋਰ ਮਹੱਤਵਪੂਰਨ ਸੁਰਾਗ ਮਿਲ ਸਕਦੇ ਹਨ।

