ਚੰਡੀਗੜ੍ਹ :- ਪੰਜਾਬੀ ਸੰਗੀਤ ਉਦਯੋਗ ਦੇ ਮਾਣਯੋਗ ਅਤੇ ਬੇਮਿਸਾਲ ਗੀਤਕਾਰ ਨਿੰਮਾ ਲੋਹਾਰਕਾ (ਨਿਰਮਲ ਸਿੰਘ, ਉਮਰ 48) ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਪਰਿਵਾਰ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਜੱਦੀ ਪਿੰਡ ਲੋਹਾਰਕਾ (ਅਜਨਾਲਾ, ਅੰਮ੍ਰਿਤਸਰ) ਵਿੱਚ ਕੀਤਾ ਜਾਵੇਗਾ।
ਸਧਾਰਣ ਘਰ ‘ਚ ਜਨਮਿਆ ਕਲਮ ਦਾ ਬਾਦਸ਼ਾਹ
ਨਿੰਮਾ ਲੋਹਾਰਕਾ ਦਾ ਜਨਮ 24 ਮਾਰਚ 1977 ਨੂੰ ਪਿੰਡ ਲੋਹਾਰਕਾ ਵਿੱਚ ਹੋਇਆ। ਪਿਤਾ ਦਰਸ਼ਨ ਸਿੰਘ ਅਤੇ ਮਾਤਾ ਦਲਬੀਰ ਕੌਰ ਕਿਸਾਨ ਪਰਿਵਾਰ ਨਾਲ ਸਬੰਧਤ ਸਨ। ਸਧਾਰਣ ਪਰਿਵਾਰ ਤੋਂ ਨਿੱਕਲਿਆ ਇਹ ਜਵਾਨ ਆਪਣੀ ਕਲਮ ਨਾਲ ਪੰਜਾਬੀ ਸੰਗੀਤ ਜਗਤ ਦਾ ਅਟੁੱਟ ਹਿੱਸਾ ਬਣ ਗਿਆ। ਉਸਦੀ ਮੌਤ ਨਾਲ ਪੂਰੀ ਇੰਡਸਟਰੀ ‘ਚ ਸੋਗ ਛਾਿਆ ਹੋਇਆ ਹੈ।
150 ਤੋਂ ਵੱਧ ਗਾਇਕਾਂ ਨੂੰ ਦਿੱਤਾ ਮੰਚ
ਨਿੰਮਾ ਨੇ 500 ਤੋਂ ਵੱਧ ਗੀਤ ਲਿਖੇ ਅਤੇ 150 ਤੋਂ ਵੱਧ ਗਾਇਕਾਂ ਨੂੰ ਹਿੱਟ ਗੀਤ ਦੇ ਕੇ ਉਨ੍ਹਾਂ ਦੀ ਪਛਾਣ ਬਣਾਈ।
ਉਨ੍ਹਾਂ ਦੇ ਗੀਤਾਂ ਰਾਹੀਂ ਚਮਕੇ ਮਸ਼ਹੂਰ ਕਲਾਕਾਰਾਂ ਵਿੱਚ ਸ਼ਾਮਲ ਹਨ:
ਦਿਲਜੀਤ ਦੋਸਾਂਝ, ਰਵਿੰਦਰ ਗਰੇਵਾਲ, ਮਲਕੀਤ ਸਿੰਘ, ਫਿਰੋਜ਼ ਖਾਨ, ਹਰਭਜਨ ਸ਼ੇਰਾ, ਨਛੱਤਰ ਗਿੱਲ, ਇੰਦਰਜੀਤ ਨਿੱਕੂ, ਅਮਰਿੰਦਰ ਗਿੱਲ, ਲਖਵਿੰਦਰ ਵਡਾਲੀ ਅਤੇ ਕੁਲਵਿੰਦਰ ਢਿੱਲੋਂ।
ਆਖ਼ਰੀ ਦਿਨਾਂ ‘ਚ ਵਿੱਤੀ ਤੰਗੀ — ਨਿੰਮਾ ਆਪਣੀ ਪੀੜ੍ਹ ਨੂੰ ਕਈ ਵਾਰ ਦੱਸ ਚੁੱਕੇ ਸੀ
ਵੱਖ-ਵੱਖ ਚੈਨਲਾਂ ‘ਤੇ ਇੰਟਰਵਿਊ ਦੌਰਾਨ ਨਿੰਮਾ ਲੋਹਾਰਕਾ ਅਕਸਰ ਦੱਸਦਾ ਸੀ ਕਿ ਭਾਵੇਂ ਉਸ ਨੇ ਕਈਆਂ ਨੂੰ ਸਟਾਰ ਬਣਾਇਆ, ਪਰ ਜ਼ਿੰਦਗੀ ਦੇ ਔਖੇ ਮੋੜ ‘ਤੇ ਬਹੁਤ ਘੱਟ ਲੋਕ ਉਸਦੇ ਨਾਲ ਖੜੇ ਹੋਏ।
ਉਸਦੀ ਮੌਤ ਨਾ ਸਿਰਫ਼ ਸੰਗੀਤ ਜਗਤ ਲਈ ਵੱਡਾ ਨੁਕਸਾਨ ਹੈ, ਸਗੋਂ ਕਲਾ ਦੀ ਕਦਰ ਅਤੇ ਕਲਾਕਾਰ ਦੀ ਹਕੀਕਤ ਬਾਰੇ ਵੀ ਗੰਭੀਰ ਪ੍ਰਸ਼ਨ ਛੱਡ ਜਾਂਦੀ ਹੈ।

