ਉੱਤਰਕਾਸ਼ੀ :- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਮੰਗਲਵਾਰ ਦੁਪਹਿਰ ਵਾਪਰੇ ਮੌਸਮੀ ਕਹਿਰ ਤੋਂ ਬਾਅਦ ਰਾਹਤ ਕਾਰਜ ਜਾਰੀ ਹਨ। ਹੜ੍ਹ ਅਤੇ ਬੱਦਲ ਫਟਣ ਕਾਰਨ ਪ੍ਰਭਾਵਿਤ ਖੇਤਰਾਂ ‘ਚੋਂ ਲਗਭਗ 150 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਪਰ ਫੌਜ ਦੇ 11 ਜਵਾਨ ਹਾਲੇ ਵੀ ਲਾਪਤਾ ਹਨ।
ਐਨਡੀਆਰਐਫ ਦੇ ਡਿਪਟੀ ਇੰਸਪੈਕਟਰ ਜਨਰਲ (ਆਪਰੇਸ਼ਨ) ਮੋਹਸਿਨ ਸ਼ਾਹੀ ਨੇ ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੜ੍ਹ ਦੀ ਸੂਚਨਾ ਮਿਲਦਿਆਂ ਹੀ ਤਿੰਨ ਟੀਮਾਂ ਨੂੰ ਧਰਾਲੀ ਪਿੰਡ ਵੱਲ ਭੇਜਿਆ ਗਿਆ ਸੀ, ਪਰ ਰਿਸ਼ੀਕੇਸ਼-ਉੱਤਰਕਾਸ਼ੀ ਹਾਈਵੇਅ ‘ਤੇ ਭੂਸਖਲਨ ਹੋਣ ਕਾਰਨ ਉਨ੍ਹਾਂ ਦੀ ਆਵਾਜਾਈ ਪ੍ਰਭਾਵਤ ਹੋਈ।
ਉਨ੍ਹਾਂ ਕਿਹਾ ਕਿ ਮੌਸਮ ਦੀ ਮਾਰ ਦੇ ਚਲਦੇ ਐਨਡੀਆਰਐਫ ਦੀਆਂ ਦੋ ਹੋਰ ਟੀਮਾਂ ਨੂੰ ਹਵਾਈ ਰਾਹੀਂ ਦੇਹਰਾਦੂਨ ਤੋਂ ਲਿਆਂਦਾ ਨਹੀਂ ਜਾ ਸਕਿਆ।
50 ਤੋਂ ਵੱਧ ਲਾਪਤਾ, 4 ਦੀ ਮੌਤ ਦੀ ਪੁਸ਼ਟੀ
ਮੋਹਸਿਨ ਸ਼ਾਹੀ ਮੁਤਾਬਕ, ਫੌਜ, ਆਈਟੀਬੀਪੀ (ਇੰਡੋ-ਤਿੱਬਤੀਅਨ ਬਾਰਡਰ ਪੁਲਿਸ) ਅਤੇ ਐਸਡੀਆਰਐਫ (ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ) ਦੀਆਂ ਟੀਮਾਂ ਨੇ ਸੰਯੁਕਤ ਬਚਾਅ ਕਾਰਜ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੜ੍ਹ ਤੋਂ ਲਗਭਗ 150 ਲੋਕਾਂ ਦੀ ਜਾਨ ਬਚਾਈ ਗਈ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ‘ਚ ਹੁਣ ਤੱਕ ਚਾਰ ਮੌਤਾਂ ਦੀ ਪੁਸ਼ਟੀ ਹੋਈ ਹੈ, ਜਦਕਿ 50 ਤੋਂ ਵੱਧ ਲੋਕ ਹਾਲੇ ਵੀ ਲਾਪਤਾ ਹਨ।
ਹਰਸਿਲ ਖੇਤਰ ਤੋਂ 11 ਫੌਜੀ ਜਵਾਨਾਂ ਦੀ ਗਿਣਤੀ ਵੀ ਲਾਪਤਾ ਵਿਚ ਦਰਜ ਕੀਤੀ ਗਈ ਹੈ। ਡੀਆਈਜੀ ਮੁਤਾਬਕ, ਐਨਡੀਆਰਐਫ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਨੇੜੇ ਤੈਨਾਤ ਹਨ ਅਤੇ ਸੜਕ ਰਸਤੇ ਖੁੱਲਦੇ ਹੀ ਮੌਕੇ ‘ਤੇ ਪਹੁੰਚ ਜਾਣਗੀਆਂ।
ਬੱਦਲ ਫਟਣ ਕਾਰਨ ਕਈ ਪਿੰਡ ਹੜ੍ਹ ‘ਚ ਡੁੱਬੇ
ਇਹ ਮੌਸਮੀ ਤਬਾਹੀ ਮੰਗਲਵਾਰ ਦੁਪਹਿਰ 2 ਵਜੇ ਦੇ ਕਰੀਬ ਵਾਪਰੀ, ਜਦੋਂ ਉੱਤਰਕਾਸ਼ੀ ਜ਼ਿਲ੍ਹੇ ਦੇ ਕਈ ਪਿੰਡਾਂ ‘ਚ ਬੱਦਲ ਫਟਣ ਤੋਂ ਬਾਅਦ ਹੜ੍ਹ ਆ ਗਈ। ਉੱਚਾਈ ਵਾਲੇ ਖੇਤਰ ਵਿੱਚ ਇੱਕ ਝੀਲ ਬਣ ਗਈ ਹੈ, ਪਰ ਅਧਿਕਾਰੀ ਕਹਿੰਦੇ ਹਨ ਕਿ ਪਾਣੀ ਦਾ ਪੱਧਰ ਘੱਟ ਹੋਣ ਕਰਕੇ ਇਲਾਕਾ ਫਿਲਹਾਲ ਸੁਰੱਖਿਅਤ ਮੰਨਿਆ ਜਾ ਰਿਹਾ ਹੈ।
ਆਈਟੀਬੀਪੀ ਵੱਲੋਂ 413 ਯਾਤਰੀ ਬਚਾਏ
ਇਨ੍ਹਾਂ ਬਚਾਅ ਕਾਰਜਾਂ ਵਿਚ ਆਈਟੀਬੀਪੀ ਨੇ ਵੀ ਅਹੰਮ ਭੂਮਿਕਾ ਨਿਭਾਈ। ਆਈਟੀਬੀਪੀ ਦੇ ਬੁਲਾਰੇ ਮੁਤਾਬਕ, ਉਨ੍ਹਾਂ ਨੇ ਕਿਨੌਰ-ਕੈਲਾਸ਼ ਯਾਤਰਾ ਮਾਰਗ ‘ਤੇ ਫਸੇ 413 ਸ਼ਰਧਾਲੂਆਂ ਨੂੰ ਸੁਰੱਖਿਅਤ ਢੰਗ ਨਾਲ ਬਚਾਇਆ। ਹੜ੍ਹ ਕਾਰਨ ਰਸਤਾ ਤਬਾਹ ਹੋਣ ਤੋਂ ਬਾਅਦ ਇਨ੍ਹਾਂ ਯਾਤਰੀਆਂ ਨੂੰ ‘ਰੱਸੀ ਅਧਾਰਤ ਟ੍ਰੈਵਰਸ ਕਰਾਸਿੰਗ’ ਤਕਨੀਕ ਰਾਹੀਂ ਪਾਰ ਲਵਾਇਆ ਗਿਆ।