ਮੋਹਾਲੀ :- ਮੋਹਾਲੀ ਦੇ ਇੰਡਸਟਰੀਅਲ ਫੇਜ਼-9 ਵਿੱਚ ਅੱਜ ਸਵੇਰੇ ਇਕ ਨਿਜੀ ਫੈਕਟਰੀ ਵਿੱਚ ਹੋਏ ਧਮਾਕੇ ਨੇ ਦਿਲ ਦਹਿਲਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਵੱਡਾ ਧਮਾਕਾ ਫੈਕਟਰੀ ਵਿੱਚ ਆਕਸੀਜਨ ਸਿਲੰਡਰ ਫਟਣ ਕਾਰਨ ਹੋਇਆ, ਜਿਸ ਵਿਚ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕਈ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ।
ਮੁੱਖ ਮੰਤਰੀ ਮਾਨ ਨੇ ਪ੍ਰਗਟਾਇਆ ਦੁੱਖ
ਇਸ ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ, “ਮੋਹਾਲੀ ਦੇ ਇੰਡਸਟਰੀ ਏਰੀਆ ‘ਚ ਵਾਪਰੀ ਇਸ ਮੰਦਭਾਗੀ ਘਟਨਾ ਦੀ ਹਰ ਪਲ ਦੀ ਅਪਡੇਟ ਲੈ ਰਿਹਾ ਹਾਂ। ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਅਤੇ ਮੌਤ ਦੀ ਗ੍ਰਿਫ਼ਤ ‘ਚ ਆਏ ਪਰਿਵਾਰਾਂ ਲਈ ਦੁਆ ਕਰਦੇ ਹਾਂ। ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ।”
ਸੂਤਰਾਂ ਮੁਤਾਬਕ, ਧਮਾਕਾ ਇੰਨਾ ਤੇਜ਼ ਸੀ ਕਿ ਆਸ-ਪਾਸ ਦੇ ਘਰਾਂ ਦੀਆਂ ਕੰਧਾਂ ਤੱਕ ਕੰਪ ਗਈਆਂ। ਜਿਸ ਫੈਕਟਰੀ ਵਿਚ ਇਹ ਹਾਦਸਾ ਹੋਇਆ, ਉਥੇ ਆਕਸੀਜਨ ਸਿਲੰਡਰਾਂ ਦੀ ਉਤਪਾਦਨ ਜਾਂ ਸਟੋਰੇਜ ਕੀਤੀ ਜਾਂਦੀ ਸੀ। ਹਾਲਾਂਕਿ, ਧਮਾਕੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ।
ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜਾਂ ‘ਚ ਜੁੱਟ ਗਈਆਂ ਹਨ। ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਹਾਦਸੇ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ।