ਅੰਮ੍ਰਿਤਸਰ :- ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਹੋਈ ਜ਼ਿਮਨੀ ਚੋਣ ਮਗਰੋਂ ਹੁਣ ਚੋਣ ਨਿਯਮਾਂ ਦੀ ਉਲੰਘਣਾ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਅਤੇ ਇਕ ਹੋਰ ਵਿਅਕਤੀ ਖ਼ਿਲਾਫ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ‘ਤੇ ਪੁਲਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ।
ਸਰਾਏ ਅਮਾਨਤ ਖਾਂ ਪੁਲਸ ਥਾਣੇ ਵਿਚ ਦਰਜ ਹੋਇਆ ਪਰਚਾ
ਥਾਣਾ ਸਰਾਏ ਅਮਾਨਤ ਖਾਂ ਪੁਲਸ ਵੱਲੋਂ ਕੰਚਨਪ੍ਰੀਤ ਕੌਰ, ਜੋ ਕਿ ਪਿੰਡ ਮੀਆਂਪੁਰ ਦੀ ਰਹਿਣ ਵਾਲੀ ਹੈ, ਅਤੇ ਕਰਨ ਗਿੱਲ ਵਾਸੀ ਮੀਆਂਪੁਰ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਮੁਤਾਬਕ ਦੋਵੇਂ ਨੇ ਜ਼ਿਮਨੀ ਚੋਣ ਦੌਰਾਨ ਚੋਣ ਪ੍ਰਚਾਰ ਨਾਲ ਜੁੜੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਅੱਪਲੋਡ ਕਰਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਉਲੰਘਣ ਕੀਤਾ ਸੀ।
ਰਿਟਰਨਿੰਗ ਅਫ਼ਸਰ ਦੇ ਬਿਆਨ ‘ਤੇ ਹੋਈ ਕਾਰਵਾਈ
ਇਸ ਮਾਮਲੇ ਨੂੰ ਰਿਟਰਨਿੰਗ ਅਫ਼ਸਰ-ਕਮ-ਐੱਸਡੀਐੱਮ ਤਰਨਤਾਰਨ ਗੁਰਮੀਤ ਸਿੰਘ ਨੇ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਨੂੰ ਕਾਰਵਾਈ ਲਈ ਲਿਖਤੀ ਬਿਆਨ ਦਿੱਤਾ। ਉਸ ਤੋਂ ਬਾਅਦ ਪੁਲਸ ਨੇ ਤੁਰੰਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਮੀਡੀਆ ਅੱਗੇ ਕੰਚਨਪ੍ਰੀਤ ਕੌਰ ਦੇ ਦੋਸ਼
ਇਸ ਤੋਂ ਇਕ ਦਿਨ ਪਹਿਲਾਂ ਕੰਚਨਪ੍ਰੀਤ ਕੌਰ ਨੇ ਮੀਡੀਆ ਅੱਗੇ ਦੋਸ਼ ਲਾਇਆ ਸੀ ਕਿ ਚੋਣ ਦੌਰਾਨ ਪੁਲਸ ਵੱਲੋਂ ਉਨ੍ਹਾਂ ਦੇ ਸਮਰਥਕਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਕੁਝ ਬੂਥਾਂ ‘ਤੇ ਖਾਸ ਤੌਰ ‘ਤੇ ਅਕਾਲੀ ਵਰਕਰਾਂ ਨੂੰ ਟਾਰਗੇਟ ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਸੀ ਕਿ ਪੁਲਸ ਕਿਸੇ ਵੀ ਵੇਲੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਕਿਉਂਕਿ ਸਿਵਲ ਵਰਦੀ ਵਿੱਚ ਪੁਲਸ ਕਰਮਚਾਰੀ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ।
ਡੀਐੱਸਪੀ ਸਿਟੀ ਵੱਲੋਂ ਪੁਸ਼ਟੀ
ਇਸ ਬਾਰੇ ਡੀਐੱਸਪੀ ਸਿਟੀ ਰਾਜੇਸ਼ ਕੱਕੜ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਰਿਟਰਨਿੰਗ ਅਫ਼ਸਰ ਵੱਲੋਂ ਦਿੱਤੇ ਗਏ ਬਿਆਨਾਂ ਅਧਾਰ ‘ਤੇ ਪੁਲਸ ਨੇ ਕੰਚਨਪ੍ਰੀਤ ਕੌਰ ਅਤੇ ਕਰਨ ਗਿੱਲ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਾਨੂੰਨ ਅਨੁਸਾਰ ਅਗਲੇ ਕਦਮ ਚੁੱਕੇ ਜਾਣਗੇ।

