ਨਵੀਂ ਦਿੱਲੀ :- ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਮਾਮਲੇ ਵਿੱਚ ਜਾਂਚ ਏਜੰਸੀਆਂ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਦਿੱਲੀ ਪੁਲਿਸ ਨੇ ਜੰਮੂ-ਕਸ਼ਮੀਰ ਦੇ ਕੁਲਗਾਮ ਇਲਾਕੇ ਤੋਂ ਡਾਕਟਰ ਤਜਾਮੁਲ ਅਹਿਮਦ ਮਲਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਡਾਕਟਰ ਮਲਿਕ ਸ੍ਰੀਨਗਰ ਦੇ ਪ੍ਰਸਿੱਧ SHMS ਹਸਪਤਾਲ ‘ਚ ਤੈਨਾਤ ਸੀ। ਉਸਨੂੰ ਕਰਨ ਸਿੰਘ ਨਗਰ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਫਰੀਦਾਬਾਦ–ਦਿੱਲੀ ਮਾਡਿਊਲ ਨਾਲ ਸਬੰਧਾਂ ਦਾ ਸ਼ੱਕ
ਸੁਰੱਖਿਆ ਏਜੰਸੀਆਂ ਦੇ ਸਰੋਤਾਂ ਅਨੁਸਾਰ ਡਾਕਟਰ ਤਜਾਮੁਲ ਅਹਿਮਦ ਮਲਿਕ ਦਾ ਨਾਮ ਉਸ ਵੇਲੇ ਸਾਹਮਣੇ ਆਇਆ ਜਦੋਂ ਉਸਦਾ ਸੰਪਰਕ ਫਰੀਦਾਬਾਦ–ਦਿੱਲੀ ਮਾਡਿਊਲ ਨਾਲ ਜੁੜੇ ਕੁਝ ਸ਼ੱਕੀ ਲੋਕਾਂ ਨਾਲ ਮਿਲਿਆ। ਹੁਣ ਜਾਂਚ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਡਾਕਟਰ ਮਲਿਕ ਨੇ ਧਮਾਕੇ ਦੀ ਯੋਜਨਾ ਜਾਂ ਹੋਰ ਕਿਸੇ ਗਤੀਵਿਧੀ ਵਿੱਚ ਕੋਈ ਭੂਮਿਕਾ ਨਿਭਾਈ ਸੀ।
ਇਸ ਤੋਂ ਪਹਿਲਾਂ ਪੁਲਵਾਮਾ ਤੋਂ ਵੀ ਡਾਕਟਰ ਹਿਰਾਸਤ ‘ਚ
ਮੰਗਲਵਾਰ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਪੁਲਵਾਮਾ ਤੋਂ ਡਾਕਟਰ ਸੱਜਾਦ ਅਹਿਮਦ ਮੱਲਾ ਨੂੰ ਹਿਰਾਸਤ ਵਿੱਚ ਲਿਆ ਸੀ। ਸੂਤਰਾਂ ਮੁਤਾਬਕ ਸੱਜਾਦ ਅਹਿਮਦ ਧਮਾਕੇ ਦੇ ਮੁੱਖ ਦੋਸ਼ੀ ਉਮਰ ਦਾ ਕਰੀਬੀ ਦੋਸਤ ਦੱਸਿਆ ਜਾਂਦਾ ਹੈ। ਹੁਣ ਦੋਵੇਂ ਡਾਕਟਰਾਂ ਤੋਂ ਪੁੱਛਗਿੱਛ ਕਰਕੇ ਜਾਂਚ ਏਜੰਸੀਆਂ ਦੋਸ਼ੀਆਂ ਦੀ ਕੜੀ ਜੋੜਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਅੱਤਵਾਦੀਆਂ ਵਿਰੁੱਧ ਕਸੋਟੀ ‘ਤੇ ਚੱਲ ਰਹੀ ਕਾਰਵਾਈ
ਧਮਾਕੇ ਤੋਂ ਬਾਅਦ ਸੋਮਵਾਰ ਅਤੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਵਿੱਚ ਵੱਡੇ ਪੱਧਰ ‘ਤੇ ਛਾਪੇਮਾਰੀ ਚਲਾਈ ਗਈ। ਸੁਰੱਖਿਆ ਏਜੰਸੀਆਂ ਨੇ ਹੁਣ ਤੱਕ 1,500 ਤੋਂ ਵੱਧ ਸ਼ੱਕੀ ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਪੁਲਿਸ ਨੇ ਕਿਹਾ ਕਿ ਇਹ ਕਾਰਵਾਈ ਜਨਤਕ ਅਮਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤੱਤਾਂ ‘ਤੇ ਰੋਕਥਾਮੀ ਕਦਮ ਵਜੋਂ ਕੀਤੀ ਗਈ ਹੈ। ਕਈ ਥਾਵਾਂ ‘ਤੇ ਉਹਨਾਂ ਦੀਆਂ ਜਾਇਦਾਦਾਂ ਦੀ ਤਲਾਸ਼ੀ ਵੀ ਲਈ ਗਈ ਜਿਨ੍ਹਾਂ ‘ਤੇ ਯੂਏਪੀਏ ਦੇ ਕੇਸ ਦਰਜ ਹਨ ਜਾਂ ਜੋ ਪੀਓਕੇ ‘ਚ ਰਹਿੰਦੇ ਹਨ।
ਸ੍ਰੀਨਗਰ ਤੋਂ ਮਿਲੇ ਪੋਸਟਰ ਬਣੇ ਸ਼ੱਕ ਦੀ ਬੁਨਿਆਦ
ਜਾਂਚ ਦੌਰਾਨ 19 ਅਕਤੂਬਰ ਨੂੰ ਸ੍ਰੀਨਗਰ ਦੇ ਨੌਗਾਮ ਖੇਤਰ ਵਿੱਚ ਕੁਝ ਪੋਸਟਰ ਮਿਲੇ ਸਨ ਜਿਨ੍ਹਾਂ ਨੂੰ ਲਾਲ ਕਿਲ੍ਹਾ ਧਮਾਕੇ ਨਾਲ ਜੋੜਿਆ ਜਾ ਰਿਹਾ ਹੈ। ਇਨ੍ਹਾਂ ਪੋਸਟਰਾਂ ਨੂੰ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
ਕਈ ਗ੍ਰਿਫ਼ਤਾਰੀਆਂ ਅਤੇ ਹਥਿਆਰ ਬਰਾਮਦ
ਜਾਂਚ ਦੇ ਨਤੀਜੇ ਵਜੋਂ 20 ਤੋਂ 27 ਅਕਤੂਬਰ ਦੇ ਵਿਚਕਾਰ ਸ਼ੋਪੀਆਂ ਤੋਂ ਮੌਲਵੀ ਇਰਫਾਨ ਅਹਿਮਦ ਵਾਘੇ ਅਤੇ ਗੰਦਰਬਲ ਦੇ ਵਾਕੁਰਾ ਖੇਤਰ ਤੋਂ ਜ਼ਮੀਰ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ 5 ਨਵੰਬਰ ਨੂੰ ਸਹਾਰਨਪੁਰ ਤੋਂ ਡਾਕਟਰ ਅਦੀਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। 7 ਨਵੰਬਰ ਨੂੰ ਅਨੰਤਨਾਗ ਹਸਪਤਾਲ ਤੋਂ ਏਕੇ-56 ਰਾਈਫਲ ਅਤੇ ਗੋਲਾ-ਬਾਰੂਦ ਮਿਲਿਆ ਸੀ, ਜਦਕਿ 8 ਨਵੰਬਰ ਨੂੰ ਹਰਿਆਣਾ ਦੇ ਫਰੀਦਾਬਾਦ ‘ਚ ਅਲ-ਫਲਾਹ ਮੈਡੀਕਲ ਕਾਲਜ ਤੋਂ ਵੀ ਹਥਿਆਰ ਜ਼ਬਤ ਕੀਤੇ ਗਏ ਸਨ।

