ਨਵੀਂ ਦਿੱਲੀ :- ਬਾਲੀਵੁੱਡ ਦੇ ਮਹਾਨ ਅਦਾਕਾਰ ਧਰਮਿੰਦਰ ਦੀ ਸਿਹਤ ਵਿੱਚ ਸੁਧਾਰ ਆਇਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਘਰ ਵਿੱਚ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਐਂਬੂਲੈਂਸ ਰਾਹੀਂ ਪਹੁੰਚੇ ਘਰ, ਪੁੱਤਰ ਬੌਬੀ ਰਹੇ ਨਾਲ ਨਾਲ
ਬੁੱਧਵਾਰ ਸਵੇਰੇ ਲਗਭਗ ਸੱਤ ਵਜੇ ਧਰਮਿੰਦਰ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਤੋਂ ਘਰ ਲਿਆਂਦਾ ਗਿਆ। ਉਨ੍ਹਾਂ ਦੇ ਪੁੱਤਰ ਬੌਬੀ ਦਿਓਲ ਪਿੱਛੇ ਇੱਕ ਕਾਰ ਵਿੱਚ ਸਫ਼ਰ ਕਰ ਰਹੇ ਸਨ। ਹਸਪਤਾਲ ਬਾਹਰ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਦੀ ਰਵਾਨਗੀ ਤੋਂ ਬਾਅਦ ਬੈਰੀਕੇਡ ਹਟਾ ਦਿੱਤੇ।
ਪਰਿਵਾਰਿਕ ਸਰੋਤਾਂ ਅਨੁਸਾਰ, ਡਾਕਟਰ ਹੁਣ ਉਨ੍ਹਾਂ ਦੀ ਨਿਗਰਾਨੀ ਘਰ ’ਚ ਹੀ ਜਾਰੀ ਰੱਖਣਗੇ। ਉਨ੍ਹਾਂ ਲਈ ਖਾਸ ਤੌਰ ’ਤੇ ਇਕ ਮੈਡੀਕਲ ਟੀਮ ਤਾਇਨਾਤ ਕੀਤੀ ਗਈ ਹੈ ਜੋ ਦਿਨ ਵਿਚ ਦੋ ਵਾਰ ਉਨ੍ਹਾਂ ਦੀ ਜਾਂਚ ਕਰੇਗੀ।
ਹਸਪਤਾਲ ਬਾਹਰ ਸਿਤਾਰਿਆਂ ਦਾ ਤਾਂਤਾ
ਪਿਛਲੇ ਦੋ ਦਿਨਾਂ ਤੋਂ ਬ੍ਰੀਚ ਕੈਂਡੀ ਹਸਪਤਾਲ ਬਾਹਰ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਦੀ ਲਗਾਤਾਰ ਭੀੜ ਰਹੀ। ਸ਼ਾਹਰੁਖ ਖਾਨ, ਸਲਮਾਨ ਖਾਨ, ਗੋਵਿੰਦਾ ਅਤੇ ਆਮਿਰ ਖਾਨ ਸਮੇਤ ਕਈ ਮਸ਼ਹੂਰ ਹਸਤੀਆਂ ਉਨ੍ਹਾਂ ਦੀ ਖੈਰੀਅਤ ਜਾਣਣ ਪਹੁੰਚੀਆਂ।
ਹਾਲਾਂਕਿ ਧਰਮਿੰਦਰ ਦੇ ਆਈਸੀਯੂ ਵਿੱਚ ਹੋਣ ਕਾਰਨ ਮਿਲਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਮਿਲੀ। ਪੁੱਤਰ ਸੰਨੀ ਦਿਓਲ ਅਤੇ ਬੌਬੀ ਦਿਓਲ ਹਸਪਤਾਲ ਵਿਚ ਲਗਾਤਾਰ ਮੌਜੂਦ ਰਹੇ ਅਤੇ ਮੀਡੀਆ ਨਾਲ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਦੇ ਰਹੇ।
ਅਫਵਾਹਾਂ ਨਾਲ ਗੁੱਸੇ ਵਿਚ ਪਰਿਵਾਰ
ਧਰਮਿੰਦਰ ਦੀ ਮੌਤ ਬਾਰੇ ਸੋਸ਼ਲ ਮੀਡੀਆ ‘ਤੇ ਫੈਲੀਆਂ ਅਫਵਾਹਾਂ ਨੇ ਪਰਿਵਾਰ ਨੂੰ ਨਾਰਾਜ਼ ਕਰ ਦਿੱਤਾ। ਈਸ਼ਾ ਦਿਓਲ ਅਤੇ ਹੇਮਾ ਮਾਲਿਨੀ ਨੇ ਅਜਿਹੀਆਂ ਗਲਤ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਖਰੀ ਖੋਟੀ ਸੁਣਾਈ ਅਤੇ ਕਿਹਾ ਕਿ “ਧਰਮ ਜੀ ਬਿਲਕੁਲ ਸੁਰੱਖਿਅਤ ਹਨ ਤੇ ਜਲਦੀ ਠੀਕ ਹੋ ਜਾਣਗੇ।
ਪ੍ਰਸ਼ੰਸਕਾਂ ਨੂੰ ਉਡੀਕ — ਧਰਮਿੰਦਰ ਦੀ ਮੁੜ ਵਾਪਸੀ ਦੀ
ਧਰਮਿੰਦਰ ਦੇ ਚਾਹੁਣ ਵਾਲੇ ਹੁਣ ਉਨ੍ਹਾਂ ਦੀ ਸੋਸ਼ਲ ਮੀਡੀਆ ’ਤੇ ਮੁੜ ਵਾਪਸੀ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ “ਧਰਮ ਪਾਜੀ ਜਲਦੀ ਹੀ ਆਪਣੇ ਮਜ਼ੇਦਾਰ ਵੀਡੀਓ ਅਤੇ ਕਵਿਤਾਵਾਂ ਨਾਲ ਮੁੜ ਸਾਡੀਆਂ ਸਕਰੀਨਾਂ ’ਤੇ ਨਜ਼ਰ ਆਉਣਗੇ।”
ਬਾਲੀਵੁੱਡ ਦੇ ਸਭ ਤੋਂ ਪਿਆਰੇ ਅਦਾਕਾਰਾਂ ਵਿੱਚੋਂ ਇੱਕ, ਧਰਮਿੰਦਰ ਦੀ ਸਿਹਤ ਵਿੱਚ ਹੁਣ ਸੁਧਾਰ ਹੈ। ਪਰਿਵਾਰ ਨੇ ਸਭ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਦੀ ਤੰਦਰੁਸਤੀ ਲਈ ਦੂਆ ਕੀਤੀ।

