ਤਰਨਤਾਰਨ :- ਤਰਨਤਾਰਨ ਵਿਧਾਨ ਸਭਾ ਉਪਚੋਣ ਦੀ ਵੋਟਿੰਗ ਖਤਮ ਹੋਣ ਮਗਰੋਂ ਪੰਜਾਬ ਕਾਂਗਰਸ ਨੇ ਰਾਜਨੀਤਿਕ ਤੌਰ ‘ਤੇ ਵੱਡਾ ਕਦਮ ਚੁੱਕਦਿਆਂ 12 ਜ਼ਿਲ੍ਹਿਆਂ ਦੇ ਪ੍ਰਧਾਨ ਬਦਲ ਦਿੱਤੇ ਹਨ। ਇਹ ਸੂਚੀ ਮੰਗਲਵਾਰ ਰਾਤ ਜਾਰੀ ਕੀਤੀ ਗਈ, ਜਿਸ ਵਿੱਚ ਤਰਨਤਾਰਨ ਸਮੇਤ ਮੋਹਾਲੀ, ਲੁਧਿਆਣਾ, ਬਠਿੰਡਾ, ਜਲੰਧਰ ਅਤੇ ਪਟਿਆਲਾ ਵਰਗੇ ਮਹੱਤਵਪੂਰਨ ਜ਼ਿਲ੍ਹੇ ਸ਼ਾਮਲ ਹਨ।
ਤਰਨਤਾਰਨ ਦੇ ਪ੍ਰਧਾਨ ਹਰਵਿੰਦਰ ਸਿੰਘ ਗਿੱਲ ਨੂੰ ਹਟਾਇਆ, ਰਾਜਬੀਰ ਸਿੰਘ ਭੁੱਲਰ ਨਵਾਂ ਚਿਹਰਾ
ਪਾਰਟੀ ਵੱਲੋਂ ਜਾਰੀ ਕੀਤੀ ਸੂਚੀ ਵਿੱਚ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਗਿੱਲ ਨੂੰ ਬਦਲ ਕੇ ਰਾਜਬੀਰ ਸਿੰਘ ਭੁੱਲਰ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਅੰਦਰੂਨੀ ਸਰੋਤਾਂ ਅਨੁਸਾਰ ਇਹ ਫੈਸਲਾ ਉਪਚੋਣ ਦੇ ਨਤੀਜਿਆਂ ਤੋਂ ਪਹਿਲਾਂ ਹੀ ਤੈਅ ਸੀ, ਪਰ ਐਲਾਨ ਚੋਣ ਪ੍ਰਕਿਰਿਆ ਪੂਰੀ ਹੋਣ ਮਗਰੋਂ ਕੀਤਾ ਗਿਆ ਤਾਂ ਜੋ ਸੰਗਠਨਕ ਵਿਵਾਦਾਂ ਤੋਂ ਬਚਿਆ ਜਾ ਸਕੇ।
ਮੋਹਾਲੀ ’ਚ ਰਾਜਾ ਵੜਿੰਗ ਅਤੇ ਚੰਨੀ ਦੀ ਪਸੰਦ ਖ਼ਾਰਜ
ਮੋਹਾਲੀ ਜ਼ਿਲ੍ਹਾ ਪ੍ਰਧਾਨੀ ਨੂੰ ਲੈ ਕੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਕਾਫੀ ਸਮੇਂ ਤੋਂ ਤਣਾਅ ਚਲ ਰਿਹਾ ਸੀ। ਚੰਨੀ ਗੁਰਪ੍ਰਤਾਪ ਪਡਿਆਲ ਦੇ ਸਮਰਥਕ ਸਨ, ਜਦਕਿ ਰਾਜਾ ਵੜਿੰਗ ਰਣਜੀਤ ਸਿੰਘ ਪਡਿਆਲ ਨੂੰ ਤਰਜੀਹ ਦੇ ਰਹੇ ਸਨ। ਪਰ ਅੰਤ ਵਿੱਚ ਪਾਰਟੀ ਹਾਈਕਮਾਂਡ ਨੇ ਦੋਵਾਂ ਦੀ ਪਸੰਦ ਨੂੰ ਨਜ਼ਰਅੰਦਾਜ਼ ਕਰਦਿਆਂ ਕਮਲ ਕਿਸ਼ੋਰ ਸ਼ਰਮਾ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ। ਇਹ ਫੈਸਲਾ ਚੰਨੀ-ਵੜਿੰਗ ਗਰੁੱਪਬੰਦੀ ਵਿੱਚ ਹਾਈਕਮਾਂਡ ਦੀ ਸਾਫ਼ ਦਖ਼ਲਅੰਦਾਜ਼ੀ ਦਰਸਾਉਂਦਾ ਹੈ।
ਕਈ ਜ਼ਿਲ੍ਹਿਆਂ ਵਿੱਚ ਨਵੇਂ ਚਿਹਰੇ, ਕੁਝ ਪੁਰਾਣੇ ਪ੍ਰਧਾਨਾਂ ਨੂੰ ਦੁਹਰਾਇਆ ਗਿਆ
ਕਾਂਗਰਸ ਨੇ ਇਸ ਵਾਰ ਕੁਝ ਪੁਰਾਣੇ ਚਿਹਰਿਆਂ ਨੂੰ ਮੁੜ ਜ਼ਿਲ੍ਹਾ ਪ੍ਰਧਾਨ ਬਣਾਇਆ ਹੈ, ਜਦਕਿ ਕਈ ਜਗ੍ਹਾਂ ਪੂਰੀ ਤਰ੍ਹਾਂ ਨਵੀਂ ਟੀਮ ਬਣਾਈ ਗਈ ਹੈ। ਅੰਮ੍ਰਿਤਸਰ ਸ਼ਹਿਰੀ ਤੋਂ ਸੌਰਭ ਮਦਾਨ, ਅੰਮ੍ਰਿਤਸਰ ਦਿਹਾਤੀ ਤੋਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਬਠਿੰਡਾ ਦਿਹਾਤੀ ਤੋਂ ਰਾਜਨ ਗਰਗ, ਮੋਗਾ ਤੋਂ ਹਰੀ ਸਿੰਘ ਖਾਈ, ਪਠਾਨਕੋਟ ਤੋਂ ਪੰਨਾ ਲਾਲ ਭਾਟੀਆ, ਪਟਿਆਲਾ ਦਿਹਾਤੀ ਤੋਂ ਗੁਰਦਰਸ਼ਨ ਕੌਰ ਰੰਧਾਵਾ ਤੇ ਸੰਗਰੂਰ ਤੋਂ ਜਗਦੇਵ ਸਿੰਘ ਗੱਗਾ ਵਰਗੇ ਨਾਮ ਇਸ ਸੂਚੀ ਵਿੱਚ ਸ਼ਾਮਲ ਹਨ।
ਜ਼ਿਲ੍ਹਾ ਪ੍ਰਧਾਨਾਂ ਦੀ ਕੁੱਲ ਸੂਚੀ ਜਾਰੀ, ਮਾਨਸਾ ਤੇ ਮਲੇਰਕੋਟਲਾ ਰਹੇ ਬਾਕੀ
ਪਾਰਟੀ ਨੇ ਕੁੱਲ 27 ਜ਼ਿਲ੍ਹਿਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਕੇਵਲ ਮਾਨਸਾ ਅਤੇ ਮਲੇਰਕੋਟਲਾ ਦੀ ਸੂਚੀ ਅਜੇ ਬਾਕੀ ਹੈ। ਪਾਰਟੀ ਸਰੋਤਾਂ ਮੁਤਾਬਕ, ਇਨ੍ਹਾਂ ਦੋਵਾਂ ਜ਼ਿਲ੍ਹਿਆਂ ਲਈ ਅਗਲੇ ਹਫ਼ਤੇ ਤਕ ਨਾਮ ਤੈਅ ਕੀਤੇ ਜਾ ਸਕਦੇ ਹਨ।
ਦੋ ਨਵੇਂ ਪੰਜਾਬ ਸਕੱਤਰਾਂ ਦੀ ਨਿਯੁਕਤੀ
ਸੰਗਠਨਕ ਪੁਨਰਗਠਨ ਦੇ ਹਿੱਸੇ ਵਜੋਂ ਕਾਂਗਰਸ ਨੇ ਦੋ ਨਵੇਂ ਪੰਜਾਬ ਸਕੱਤਰਾਂ ਦੀ ਵੀ ਨਿਯੁਕਤੀ ਕੀਤੀ ਹੈ। ਹਿਨਾ ਕਵਾਰੇ ਅਤੇ ਸੂਰਜ ਠਾਕੁਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਦੋਵਾਂ ਭੁਪੇਸ਼ ਬਘੇਲ ਟੀਮ ਦੇ ਹਿੱਸੇ ਹਨ ਤੇ ਸੂਬਾ ਇੰਚਾਰਜ ਦੇ ਸਹਿਯੋਗੀ ਵਜੋਂ ਕੰਮ ਕਰਨਗੇ।

ਸੰਗਠਨਿਕ ਪੁਨਰਗਠਨ ਰਾਹੀਂ ਸੁਨੇਹਾ
ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਤਬਦੀਲੀਆਂ ਕਾਂਗਰਸ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਹਨ। ਸੂਬਾ ਨੇਤ੍ਰਤਵ ਵੱਲੋਂ ਜ਼ਿਲ੍ਹਾ ਪੱਧਰ ‘ਤੇ ਨਵੇਂ ਚਿਹਰਿਆਂ ਨੂੰ ਮੌਕਾ ਦੇ ਕੇ ਪਾਰਟੀ ਵਿੱਚ ਨਵੀਂ ਉਰਜਾ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

