ਚੰਡੀਗੜ੍ਹ :- ਪੰਜਾਬ ਯੂਨੀਵਰਸਿਟੀ ਦੇ ਆੰਗਣ ਵਿੱਚ ਅੱਜ ਉਹੀ ਸੁਰ ਸੁਣਾਈ ਦਿੱਤਾ ਜੋ ਸਾਲਾਂ ਤੋਂ ਪੰਜਾਬ ਦੀ ਵਿਦਿਆਰਥੀ ਆਵਾਜ਼ ਬਣਿਆ ਹੋਇਆ ਹੈ— “ਮਿੱਠੀ ਧੁਨ ਰਬਾਬ ਦੀ, ਪੰਜਾਬ ਯੂਨੀਵਰਸਿਟੀ ਪੰਜਾਬ ਦੀ”। ਯੂਨੀਵਰਸਿਟੀ ਦੀ ਆਤਮਨਿਰਭਰਤਾ ਤੇ ਪਛਾਣ ਨੂੰ ਬਚਾਉਣ ਲਈ ਵਿਦਿਆਰਥੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ।
ਸੱਦੇ ਮੁਤਾਬਕ ਵਿਦਿਆਰਥੀ ਪਿਛਲੀ ਰਾਤ ਤੋਂ ਹੀ ਕੈਂਪਸ ਵਿੱਚ ਦਾਖਲ ਹੋਣ ਲੱਗ ਪਏ ਸਨ, ਪਰ ਚੰਡੀਗੜ੍ਹ ਪੁਲਿਸ ਨੇ ਹਾਲਾਤਾਂ ਨੂੰ ਦੇਖਦੇ ਹੋਏ ਸਵੇਰੇ ਸਾਰੇ ਗੇਟ ਬੰਦ ਕਰ ਦਿੱਤੇ। ਪ੍ਰਸ਼ਾਸਨ ਨੇ ਤਣਾਅ ਵਧਣ ਦੀ ਆਸ ਨਾਲ 10 ਅਤੇ 11 ਨਵੰਬਰ ਨੂੰ ਯੂਨੀਵਰਸਿਟੀ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ।
ਸੈਕਟਰ 15 ‘ਚ ਵੱਡਾ ਇਕੱਠ, ਪੁਲਿਸ ਤੈਨਾਤੀ ਵਧਾਈ ਗਈ
ਸੋਮਵਾਰ ਸਵੇਰੇ ਜਿਵੇਂ ਹੀ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ, ਕਿਸਾਨਾਂ ਤੇ ਸਮਾਜਕ ਸੰਗਠਨਾਂ ਦੇ ਮੈਂਬਰ ਸੈਕਟਰ 15 ਮਾਰਕੀਟ ‘ਚ ਇਕੱਠੇ ਹੋਏ, ਤਦੋਂ ਹਾਲਾਤ ਗੰਭੀਰ ਹੋ ਗਏ। ਪ੍ਰਦਰਸ਼ਨਕਾਰੀਆਂ ਦਾ ਕਾਫ਼ਲਾ ਯੂਨੀਵਰਸਿਟੀ ਦੇ ਗੇਟ ਨੰਬਰ 1 ਵੱਲ ਵਧਿਆ, ਜਿੱਥੇ ਐਸਐਸਪੀ ਸਮੇਤ ਉੱਚ ਅਧਿਕਾਰੀ ਮੌਜੂਦ ਸਨ।
ਪੁਲਿਸ ਵੱਲੋਂ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋਈਆਂ, ਪਰ ਭੀੜ ਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਹਾਲਾਤ ਬੇਕਾਬੂ ਹੋ ਗਏ ਅਤੇ ਕੁਝ ਪ੍ਰਦਰਸ਼ਨਕਾਰੀ ਗੇਟ ਤੋੜ ਕੇ ਅੰਦਰ ਦਾਖਲ ਹੋ ਗਏ। ਮੌਕੇ ‘ਤੇ ਕਈ ਨਿਹੰਗ ਸਮੂਹ ਵੀ ਮੌਜੂਦ ਸਨ, ਜਿਸ ਨਾਲ ਹਾਲਾਤ ਹੋਰ ਗੰਭੀਰ ਬਣ ਗਏ।
ਸਰਹੱਦਾਂ ਸੀਲ, ਯਾਤਰੀ ਪਰੇਸ਼ਾਨ
ਚੰਡੀਗੜ੍ਹ ਪੁਲਿਸ ਨੇ ਸਵੇਰ ਤੋਂ ਹੀ ਨਿਊ ਚੰਡੀਗੜ੍ਹ, ਮੋਹਾਲੀ, ਫੇਜ਼ 2 ਤੇ ਜ਼ੀਰਕਪੁਰ ਵੱਲੋਂ ਆਉਣ ਵਾਲੇ ਸਾਰੇ ਦਾਖਲੀ ਪੁਆਇੰਟਾਂ ਨੂੰ ਬੰਦ ਕਰ ਦਿੱਤਾ। ਕਈ ਥਾਵਾਂ ‘ਤੇ ਭਾਰੀ ਬੈਰੀਕੇਡ ਲਗਾ ਦਿੱਤੇ ਗਏ ਜਿਸ ਨਾਲ ਯਾਤਰੀਆਂ ਨੂੰ ਘੰਟਿਆਂ ਜਾਮ ‘ਚ ਫਸੇ ਰਹਿਣਾ ਪਿਆ।
ਫੇਜ਼ 6 ਖੇਤਰ ‘ਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਛੋਟੀ ਝੜਪ ਵੀ ਹੋਈ। ਕਿਸਾਨਾਂ ਨੇ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਸੜਕ ‘ਤੇ ਧਰਨਾ ਲਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਯੂਨੀਵਰਸਿਟੀ ਦੇ ਭਵਿੱਖ ‘ਤੇ ਸਵਾਲ
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਸਿਰਫ਼ ਇਕ ਸਿੱਖਿਆ ਸੰਸਥਾ ਨਹੀਂ, ਸਗੋਂ ਪੰਜਾਬੀ ਪਛਾਣ ਦੀ ਪ੍ਰਤੀਕ ਹੈ। ਇਸ ਨੂੰ ਬਾਹਰੀ ਦਖਲ ਤੋਂ ਬਚਾਉਣਾ ਸਾਡੇ ਸਾਂਝੇ ਫ਼ਰਜ ਦਾ ਹਿੱਸਾ ਹੈ।
ਉੱਧਰ ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਹਾਲਾਤ ਕਾਬੂ ‘ਚ ਹਨ।
ਪੰਜਾਬ ਯੂਨੀਵਰਸਿਟੀ ਦਾ ਇਹ ਵਿਰੋਧ ਕੇਵਲ ਚੋਣਾਂ ਦਾ ਨਹੀਂ, ਸਗੋਂ ਆਪਣੀ ਪਛਾਣ ਤੇ ਹੱਕ ਦੀ ਲੜਾਈ ਬਣ ਗਿਆ ਹੈ। ਵਿਦਿਆਰਥੀ ਅਡਿੱਗ ਹਨ ਤੇ ਪ੍ਰਸ਼ਾਸਨ ਸਖ਼ਤ — ਹੁਣ ਦੇਖਣਾ ਇਹ ਹੈ ਕਿ ਦੋ ਦਿਨ ਦੀ ਛੁੱਟੀ ਤੋਂ ਬਾਅਦ ਮਾਹੌਲ ਸ਼ਾਂਤ ਹੁੰਦਾ ਹੈ ਜਾਂ ਹੋਰ ਗਰਮ।

