ਅਜਨਾਲਾ :- ਅਜਨਾਲਾ ਦੇ ਪਿੰਡ ਮਲਕਪੁਰ ’ਚ ਬੀਤੀ ਰਾਤ ਇੱਕ ਛੋਟੇ ਝਗੜੇ ਨੇ ਗੰਭੀਰ ਰੂਪ ਧਾਰ ਲਿਆ, ਜਦੋਂ ਇੱਕ ਧਿਰ ਵੱਲੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਨਾਲ ਲੈ ਕੇ ਦੂਜੀ ਧਿਰ ਦੇ ਘਰਾਂ ’ਤੇ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ।
ਸਾਬਕਾ ਸਰਪੰਚ ਨੇ ਦਿੱਤਾ ਬਿਆਨ
ਸਾਬਕਾ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋ ਧਿਰਾਂ ਵਿਚਕਾਰ ਪਹਿਲਾਂ ਛੋਟਾ ਝਗੜਾ ਹੋਇਆ ਸੀ, ਜਿਸਨੂੰ ਸਾਂਝੇ ਤੌਰ ’ਤੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਅਗਲੇ ਦਿਨ ਵਿਰੋਧੀ ਧਿਰ ਨੇ ਕਈ ਲੋਕਾਂ ਨੂੰ ਇਕੱਠਾ ਕਰਕੇ ਪੰਜ ਘਰਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਹਮਲਾਵਰਾਂ ਨੇ ਘਰਾਂ ਦੇ ਦਰਵਾਜ਼ੇ ਤੋੜ ਕੇ ਅੰਦਰ ਦਾਖ਼ਲ ਹੋਏ ਤੇ ਸਮਾਨ ਦੀ ਤੋੜ-ਭੰਨ ਕੀਤੀ। ਕੁਝ ਘਰਾਂ ਵਿਚੋਂ ਨਕਦੀ ਤੇ ਸੋਨੇ ਦੇ ਗਹਿਣੇ ਵੀ ਚੋਰੀ ਕਰ ਲਏ ਗਏ।
ਪੀੜਤ ਪਰਿਵਾਰ ਦੀ ਪੁਕਾਰ
ਪੀੜਤ ਸ਼ਾਂਤੀ ਦੇਵੀ ਨੇ ਦੱਸਿਆ ਕਿ ਜਦੋਂ ਉਹ ਪਰਿਵਾਰ ਸਮੇਤ ਘਰ ਵਿੱਚ ਟੀਵੀ ਦੇਖ ਰਹੀ ਸੀ, ਉਸ ਸਮੇਂ ਹਮਲਾਵਰਾਂ ਨੇ ਬਾਹਰੋਂ ਆ ਕੇ ਘਰਾਂ ’ਤੇ ਪੱਥਰਬਾਜ਼ੀ ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਮਿਹਨਤ ਮਜ਼ਦੂਰੀ ਨਾਲ ਘਰ ਬਣਾਇਆ ਸੀ, ਪਰ ਹਮਲਾਵਰਾਂ ਨੇ ਸਾਰਾ ਸਮਾਨ ਤਬਾਹ ਕਰ ਦਿੱਤਾ ਤੇ ਘਰ ਦੇ ਵਿੱਚੋਂ ਕੈਸ਼ ਤੇ ਗਹਿਣੇ ਲੈ ਗਏ। ਸ਼ਾਂਤੀ ਦੇਵੀ ਨੇ ਦੱਸਿਆ ਕਿ ਹਮਲੇ ਦੌਰਾਨ ਉਨ੍ਹਾਂ ਨੂੰ ਪਿਸਟਲ ਦਿਖਾ ਕੇ ਧਮਕਾਇਆ ਗਿਆ ਅਤੇ ਉਨ੍ਹਾਂ ਦੀ ਗਰਭਵਤੀ ਨੂੰਹ ਨਾਲ ਧੱਕਾ-ਮੁੱਕੀ ਕਰਕੇ ਉਸਦੇ ਕੱਪੜੇ ਵੀ ਪਾੜ ਦਿੱਤੇ ਗਏ।
ਪੁਲਿਸ ਨੇ ਦੋਵੇਂ ਧਿਰਾਂ ਖ਼ਿਲਾਫ਼ ਕੀਤੀ ਕਾਰਵਾਈ
ਥਾਣਾ ਰਮਦਾਸ ਦੇ ਐਸਐਚਓ ਆਗਿਆਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ ਦੋਵੇਂ ਧਿਰਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੋਨਾਂ ਪਾਸਿਆਂ ਤੋਂ ਇੱਕ-ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਬਾਕੀ ਦੀ ਜਾਂਚ ਜਾਰੀ ਹੈ। ਪੁਲਿਸ ਪਿੰਡ ਵਿੱਚ ਸਥਿਤੀ ’ਤੇ ਨਿਗਰਾਨੀ ਕਰ ਰਹੀ ਹੈ, ਤਾਂ ਜੋ ਦੁਬਾਰਾ ਕੋਈ ਤਣਾਅ ਨਾ ਵਧੇ।

