ਚੰਡੀਗੜ੍ਹ :- ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੇ ਐਲਾਨ ਨੂੰ ਲੈ ਕੇ ਤਣਾਅ ਅੱਜ ਹੋਰ ਗਹਿਰਾ ਹੋ ਗਿਆ ਹੈ। ਵਿਦਿਆਰਥੀ ਸੰਗਠਨਾਂ ਵੱਲੋਂ ਸੋਮਵਾਰ ਨੂੰ ਯੂਨੀਵਰਸਿਟੀ ਕੈਂਪਸ ‘ਚ ਵਿਸ਼ਾਲ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ, ਜਿਸ ਵਿੱਚ ਕਈ ਸਿਆਸੀ ਤੇ ਸਮਾਜਿਕ ਸੰਗਠਨਾਂ ਨੇ ਵੀ ਹਿੱਸਾ ਲਿਆ। ਮੁੱਖ ਮੰਗ ਹੈ ਕਿ ਸੈਨੇਟ ਦੀਆਂ ਸਾਰੀਆਂ 91 ਸੀਟਾਂ ਲਈ ਚੋਣਾਂ ਦੀ ਤਾਰੀਖ ਤੁਰੰਤ ਜਾਰੀ ਕੀਤੀ ਜਾਵੇ।
ਕੈਂਪਸ ਬਣਿਆ ਛਾਉਣੀ, 2 ਹਜ਼ਾਰ ਜਵਾਨ ਤਾਇਨਾਤ
ਵਿਦਿਆਰਥੀ ਪ੍ਰਦਰਸ਼ਨ ਦੀ ਤਿਆਰੀਆਂ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਕੈਂਪਸ ਨੂੰ ਪੂਰੀ ਤਰ੍ਹਾਂ ਸੁਰੱਖਿਆ ਘੇਰੇ ਵਿੱਚ ਲਿਆ ਹੋਇਆ ਹੈ। ਪਹਿਲਾਂ ਤਾਇਨਾਤ 1,200 ਪੁਲਿਸ ਕਰਮਚਾਰੀਆਂ ਦੀ ਗਿਣਤੀ ਹੁਣ ਵਧਾ ਕੇ 2,000 ਤੱਕ ਕਰ ਦਿੱਤੀ ਗਈ ਹੈ, ਜਿਸ ਵਿੱਚ 6 ਡੀਐਸਪੀ ਤੇ 18 ਇੰਸਪੈਕਟਰ ਸ਼ਾਮਲ ਹਨ।
ਚੰਡੀਗੜ੍ਹ ਵੱਲ ਜਾਣ ਵਾਲੀਆਂ ਮੁੱਖ ਸੜਕਾਂ ‘ਤੇ 12 ਵਿਸ਼ੇਸ਼ ਨਾਕੇ ਲਗਾਏ ਗਏ ਹਨ। ਪੁਲਿਸ ਵੱਲੋਂ ਆਉਣ-ਜਾਣ ਵਾਲੇ ਹਰ ਵਾਹਨ ਤੇ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਬਚਿਆ ਜਾ ਸਕੇ।
ਕੇਂਦਰ ਦੇ ਫੈਸਲੇ ‘ਤੇ ਵਿਦਿਆਰਥੀਆਂ ਦਾ ਅਣਭਰੋਸਾ
ਗੌਰਤਲਬ ਹੈ ਕਿ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਵਿਦਿਆਰਥੀਆਂ ਦੇ ਵਿਰੋਧ ਮਗਰੋਂ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਵਾਲਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਸੀ, ਪਰ ਇਸ ਕਦਮ ਨਾਲ ਤਣਾਅ ਖਤਮ ਹੋਣ ਦੀ ਬਜਾਏ ਹੋਰ ਵਧ ਗਿਆ ਹੈ।
ਵਿਦਿਆਰਥੀ ਸੰਗਠਨਾਂ ਦਾ ਕਹਿਣਾ ਹੈ ਕਿ ਕੇਵਲ ਨੋਟੀਫਿਕੇਸ਼ਨ ਵਾਪਸ ਲੈਣਾ ਹੀ ਕਾਫ਼ੀ ਨਹੀਂ — ਜਦ ਤੱਕ ਚੋਣਾਂ ਦੀ ਅਧਿਕਾਰਕ ਤਾਰੀਖ ਐਲਾਨੀ ਨਹੀਂ ਜਾਂਦੀ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
ਧਰਨਾ ਤੇ ਨਾਅਰੇਬਾਜ਼ੀ ਜਾਰੀ
ਐਤਵਾਰ ਰਾਤ ਤੋਂ ਹੀ ਵਿਦਿਆਰਥੀ ਯੂਨੀਵਰਸਿਟੀ ਦੇ ਮੁੱਖ ਗੇਟ ‘ਤੇ ਧਰਨਾ ਦੇ ਰਹੇ ਹਨ। “ਚੋਣਾਂ ਦੀ ਤਾਰੀਖ ਦਿਓ, ਨਹੀਂ ਤਾਂ ਗੇਟ ਨਹੀਂ ਛੱਡਾਂਗੇ”, ਇਹ ਨਾਅਰੇ ਸਾਰੀ ਰਾਤ ਕੈਂਪਸ ‘ਚ ਗੂੰਜਦੇ ਰਹੇ।
ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ, ਪਰ ਸੰਗਠਨਾਂ ਨੇ ਸਪਸ਼ਟ ਕੀਤਾ ਹੈ ਕਿ ਜਦ ਤੱਕ ਸੈਨੇਟ ਚੋਣਾਂ ਬਾਰੇ ਪੱਕਾ ਐਲਾਨ ਨਹੀਂ ਹੁੰਦਾ, ਉਨ੍ਹਾਂ ਦਾ ਵਿਰੋਧ ਨਹੀਂ ਰੁਕੇਗਾ।

