ਮੁੰਬਈ :- ਮੁੰਬਈ ਤੋਂ ਕੋਲਕਾਤਾ ਆ ਰਹੀ ਸਪਾਈਸਜੈੱਟ ਦੀ ਉਡਾਣ (SG-670) ਐਤਵਾਰ ਦੇਰ ਰਾਤ ਉਸ ਵੇਲੇ ਖ਼ਬਰਾਂ ਦੀ ਸੁਰਖੀ ਬਣ ਗਈ, ਜਦੋਂ ਜਹਾਜ਼ ਦੇ ਇੱਕ ਇੰਜਣ ਵਿੱਚ ਹਵਾ ਵਿੱਚ ਹੀ ਖਰਾਬੀ ਆ ਗਈ। ਪਾਇਲਟ ਨੇ ਤੁਰੰਤ ਸੂਝਬੂਝ ਦਿਖਾਉਂਦੇ ਹੋਏ ਕੋਲਕਾਤਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਕੇ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਉਤਾਰ ਲਿਆ। ਇਸ ਦੌਰਾਨ ਸਾਰੇ ਯਾਤਰੀ ਅਤੇ ਕਰੂ ਮੈਂਬਰ ਸੁਰੱਖਿਅਤ ਰਹੇ, ਜਿਸ ਨਾਲ ਇੱਕ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ।
ਕੋਲਕਾਤਾ ਪਹੁੰਚਣ ਤੋਂ ਥੋੜ੍ਹੀ ਪਹਿਲਾਂ ਆਈ ਖਰਾਬੀ
ਹਵਾਈ ਅੱਡਾ ਅਧਿਕਾਰੀਆਂ ਦੇ ਅਨੁਸਾਰ, ਉਡਾਣ ਦੇ ਦੌਰਾਨ ਜਦੋਂ ਜਹਾਜ਼ ਕੋਲਕਾਤਾ ਦੇ ਨੇੜੇ ਸੀ, ਉਸੇ ਸਮੇਂ ਪਾਇਲਟ ਨੇ ਇੰਜਣ ‘ਚ ਗੜਬੜ ਮਹਿਸੂਸ ਕੀਤੀ। ਤੁਰੰਤ ਏਅਰ ਟ੍ਰੈਫਿਕ ਕੰਟਰੋਲ (ATC) ਨਾਲ ਸੰਪਰਕ ਕੀਤਾ ਗਿਆ ਅਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਗਈ। ਰਾਤ 11:38 ਵਜੇ ਜਹਾਜ਼ ਨੂੰ ਸੁਰੱਖਿਅਤ ਤੌਰ ‘ਤੇ ਉਤਾਰ ਲਿਆ ਗਿਆ, ਜਿਸ ਤੋਂ ਬਾਅਦ ਹਵਾਈ ਅੱਡੇ ‘ਤੇ ਘੋਸ਼ਿਤ ਕੀਤੀ ਗਈ “ਫੁੱਲ ਐਮਰਜੈਂਸੀ” ਹਟਾ ਦਿੱਤੀ ਗਈ।
ਫਾਇਰ ਬ੍ਰਿਗੇਡ ਤੇ ਮੈਡੀਕਲ ਟੀਮ ਪਹਿਲਾਂ ਹੀ ਤਾਇਨਾਤ
ਜਿਵੇਂ ਹੀ ATC ਵੱਲੋਂ ਐਮਰਜੈਂਸੀ ਦਾ ਐਲਾਨ ਕੀਤਾ ਗਿਆ, ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਰੈਸਕਿਊ ਟੀਮਾਂ ਤੇ ਮੈਡੀਕਲ ਸਟਾਫ ਨੂੰ ਹਵਾਈ ਅੱਡੇ ‘ਤੇ ਤਾਇਨਾਤ ਕਰ ਦਿੱਤਾ ਗਿਆ ਸੀ। ਜਹਾਜ਼ ਦੇ ਸੁਰੱਖਿਅਤ ਉਤਰਦੇ ਹੀ ਸਭ ਯਾਤਰੀਆਂ ਨੂੰ ਸੁਰੱਖਿਅਤ ਤੌਰ ‘ਤੇ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਸਪਾਈਸਜੈੱਟ ਦੀ ਤਕਨੀਕੀ ਟੀਮ ਨੇ ਜਹਾਜ਼ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇੰਜਣ ਫੇਲ੍ਹ ਹੋਣ ਦੇ ਕਾਰਨ ਦਾ ਪਤਾ ਲਗਾਇਆ ਜਾ ਸਕੇ।
ਦੋ ਦਿਨ ਪਹਿਲਾਂ ਦਿੱਲੀ ਹਵਾਈ ਅੱਡੇ ‘ਤੇ ਵੀ ਆਈ ਸੀ ਤਕਨੀਕੀ ਗੜਬੜੀ
ਇਹ ਘਟਨਾ ਪਿਛਲੇ ਦੋ ਦਿਨਾਂ ਵਿੱਚ ਹਵਾਬਾਜ਼ੀ ਖੇਤਰ ਵਿੱਚ ਦੂਜੀ ਵੱਡੀ ਤਕਨੀਕੀ ਰੁਕਾਵਟ ਹੈ। ਇਸ ਤੋਂ ਪਹਿਲਾਂ 7 ਨਵੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ‘ਤੇ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿੱਚ ਤਕਨੀਕੀ ਖਰਾਬੀ ਆਈ ਸੀ। ਉਸ ਵੇਲੇ 400 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਸਨ ਅਤੇ ਕਈ ਘੰਟਿਆਂ ਤੱਕ ਹਵਾਈ ਸੇਵਾਵਾਂ ਠੱਪ ਰਹੀਆਂ ਸਨ।
ਯਾਤਰੀ ਸੁਰੱਖਿਆ ‘ਤੇ ਦੁਬਾਰਾ ਖੜ੍ਹੇ ਹੋਏ ਸਵਾਲ
ਇਹ ਦੋਹਰੀ ਘਟਨਾਵਾਂ ਨੇ ਇੱਕ ਵਾਰ ਫਿਰ ਭਾਰਤ ਦੇ ਹਵਾਈ ਖੇਤਰ ਵਿੱਚ ਤਕਨੀਕੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ। ਹਾਲਾਂਕਿ, ਸਿਵਿਲ ਏਵਿਏਸ਼ਨ ਵਿਭਾਗ ਨੇ ਦੋਹਾਂ ਮਾਮਲਿਆਂ ‘ਤੇ ਅਲੱਗ-ਅਲੱਗ ਜਾਂਚ ਦੇ ਹੁਕਮ ਜਾਰੀ ਕੀਤੇ ਹਨ।

