ਬਠਿੰਡਾ :- ਜ਼ਿਲ੍ਹੇ ਦੇ ਜੈਤੋ ਨੇੜੇ ਅੱਜ ਇੱਕ ਹਾਦਸੇ ਨੇ ਇਲਾਕੇ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ। ਜੈਤੋ-ਬਠਿੰਡਾ ਸੜਕ ‘ਤੇ ਪਿੰਡ ਚੰਦਭਾਨ ਕੋਲ ਇੱਕ ਕਾਰ ਅਚਾਨਕ ਕੰਟਰੋਲ ਗੁਆ ਬੈਠੀ ਤੇ ਸਿੱਧੀ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਮੌਕੇ ‘ਤੇ ਹੀ ਦੋ ਔਰਤਾਂ ਅਤੇ ਇੱਕ ਨਿੱਕੇ ਬੱਚੇ ਦੀ ਮੌਤ ਹੋ ਗਈ।
ਜ਼ਖਮੀਆਂ ਨੂੰ ਪਹਿਲਾਂ ਜੈਤੋ, ਫਿਰ ਕੋਟਕਪੂਰਾ ਹਸਪਤਾਲ ਭੇਜਿਆ ਗਿਆ
ਇਸ ਹਾਦਸੇ ‘ਚ ਚਾਰ ਲੋਕ ਗੰਭੀਰ ਜ਼ਖਮੀ ਹੋਏ, ਜਿਨ੍ਹਾਂ ਨੂੰ ਤੁਰੰਤ ਸਥਾਨਕ ਲੋਕਾਂ ਦੀ ਮਦਦ ਨਾਲ ਸੇਠ ਰਾਮਨਾਥ ਸਿਵਲ ਹਸਪਤਾਲ ਜੈਤੋ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਦੇਖਦਿਆਂ ਤੁਰੰਤ ਸਿਵਲ ਹਸਪਤਾਲ ਕੋਟਕਪੂਰਾ ਰੈਫਰ ਕਰ ਦਿੱਤਾ। ਡਾਕਟਰਾਂ ਮੁਤਾਬਕ ਕੁਝ ਜ਼ਖਮੀਆਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।
ਵਿਆਹ ਸਮਾਰੋਹ ਤੋਂ ਵਾਪਸੀ ਦੌਰਾਨ ਵਾਪਰਿਆ ਹਾਦਸਾ
ਸਮਾਜ ਸੇਵਕ ਸੰਦੀਪ ਸੋਨੂੰ ਲੂੰਬਾ ਨੇ ਦੱਸਿਆ ਕਿ ਕਾਰ ਸਵਾਰ ਪਰਿਵਾਰ ਜੈਤੋ ‘ਚ ਇੱਕ ਵਿਆਹ ਸਮਾਰੋਹ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਘਰ ਵਾਪਸ ਆ ਰਹੇ ਸਨ। ਪਿੰਡ ਚੰਦਭਾਨ ਨੇੜੇ ਕਾਰ ਡਰਾਈਵਰ ਦਾ ਸੰਤੁਲਨ ਬਿਗੜ ਗਿਆ ਅਤੇ ਕੁਝ ਸਕਿੰਟਾਂ ਵਿੱਚ ਖੁਸ਼ੀਆਂ ਭਰਾ ਦਿਨ ਮਾਤਮ ਵਿੱਚ ਬਦਲ ਗਿਆ।
ਮ੍ਰਿਤਕਾਂ ਦੀ ਪਹਿਚਾਣ ਪਿੰਡ ਚੰਦਭਾਨ ਦੇ ਨਿਵਾਸੀ ਵਜੋਂ ਹੋਈ
ਪੁਲਿਸ ਮੁਤਾਬਕ ਮ੍ਰਿਤਕਾਂ ਦਾ ਸਬੰਧ ਜੈਤੋ ਸਬ-ਡਿਵੀਜ਼ਨ ਦੇ ਪਿੰਡ ਚੰਦਭਾਨ ਨਾਲ ਹੈ। ਘਟਨਾ ਤੋਂ ਬਾਅਦ ਪਿੰਡ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਲੋਕਾਂ ਨੇ ਪਰਿਵਾਰ ਪ੍ਰਤੀ ਦੁੱਖ ਪ੍ਰਗਟਾਉਂਦਿਆਂ ਹਾਦਸੇ ਵਾਲੀ ਜਗ੍ਹਾ ‘ਤੇ ਇਕੱਠੇ ਹੋ ਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ।

