ਤਰਨ ਤਾਰਨ :- ਆਉਣ ਵਾਲੀ 11 ਨਵੰਬਰ ਨੂੰ ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਲਈ ਚੋਣ ਕਮਿਸ਼ਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਹ ਇਲਾਕਾ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦਾ ਹੋਣ ਕਰਕੇ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇਸਨੂੰ ਧਿਆਨ ਵਿੱਚ ਰੱਖਦੇ ਹੋਏ ਚੋਣ ਮਸ਼ੀਨਰੀ ਨੇ ਕਈ ਪੱਧਰਾਂ ‘ਤੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
12 ਕੰਪਨੀਆਂ ਕੇਂਦਰੀ ਬਲਾਂ ਦੀਆਂ ਤਾਇਨਾਤ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਦੇ ਮੁਤਾਬਕ, ਇਸ ਜ਼ਿਮਨੀ ਚੋਣ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਤਾਇਨਾਤੀ ਕਿਸੇ ਵੀ ਜ਼ਿਮਨੀ ਚੋਣ ਵਿੱਚ ਸਭ ਤੋਂ ਵੱਡੀਆਂ ਸੁਰੱਖਿਆ ਤਾਇਨਾਤੀਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਨ ਤੇ ਨਿਰਪੱਖ ਬਣਾਉਣ ਲਈ ਲਿਆ ਗਿਆ ਹੈ।
222 ਪੋਲਿੰਗ ਸਟੇਸ਼ਨ ਤੇ ਵੈਬਕਾਸਟਿੰਗ ਦੀ ਵਿਵਸਥਾ
ਇਲਾਕੇ ਵਿੱਚ ਕੁੱਲ 222 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਸਾਰੇ 114 ਪੋਲਿੰਗ ਸਟੇਸ਼ਨ ਸਥਾਨਾਂ ਉੱਤੇ ਕੇਂਦਰੀ ਬਲਾਂ ਦੇ ਜਵਾਨ ਤਾਇਨਾਤ ਰਹਿਣਗੇ। ਇਸਦੇ ਨਾਲ-ਨਾਲ ਹਰ ਪੋਲਿੰਗ ਬੂਥ ’ਤੇ ਸੀਸੀਟੀਵੀ ਕੈਮਰੇ ਤੇ ਵੈਬਕਾਸਟਿੰਗ ਦੀ ਸਹੂਲਤ ਹੋਵੇਗੀ, ਜਿਸ ਦੀ ਨਿਗਰਾਨੀ ਰੀਟਰਨਿੰਗ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ ਅਤੇ ਮੁੱਖ ਚੋਣ ਅਧਿਕਾਰੀ ਆਪ ਕਰਨਗੇ।
ਮਾਈਕ੍ਰੋ ਅਬਜ਼ਰਵਰਾਂ ਦੀ ਤਾਇਨਾਤੀ ਨਾਲ ਹੋਵੇਗੀ ਨਿਗਰਾਨੀ ਹੋਰ ਮਜ਼ਬੂਤ
ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਉੱਤੇ ਚੋਣ ਪ੍ਰਕਿਰਿਆ ਦੀ ਪਾਰਦਰਸ਼ੀਤਾ ਨੂੰ ਯਕੀਨੀ ਬਣਾਉਣ ਲਈ 46 ਮਾਈਕ੍ਰੋ ਅਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ। ਇਹ ਅਧਿਕਾਰੀ ਵੱਖ-ਵੱਖ ਸਥਾਨਾਂ ’ਤੇ ਮੌਜੂਦ ਰਹਿ ਕੇ ਚੋਣ ਦੀ ਸਥਿਤੀ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਸਿੱਧੀ ਭੇਜਣਗੇ।
ਮੁੱਖ ਚੋਣ ਅਧਿਕਾਰੀ ਵੱਲੋਂ ਅਪੀਲ
ਸਿਬਿਨ ਸੀ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ 11 ਨਵੰਬਰ ਨੂੰ ਨਿਡਰ ਹੋ ਕੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਅਤੇ ਚੋਣ ਦੌਰਾਨ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਦੇਣ।

