ਤਰਨਤਾਰਨ :- ਤਰਨਤਾਰਨ ਵਿਧਾਨ ਸਭਾ ਹਲਕੇ ਦੀ 11 ਨਵੰਬਰ ਨੂੰ ਹੋਣ ਜਾ ਰਹੀ ਉਪਚੋਣ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਰਾਹੁਲ (ਆਈਏਐਸ) ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਈ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
9 ਤੋਂ 11 ਨਵੰਬਰ ਤੱਕ ਚੋਣੀ ਪ੍ਰਚਾਰ ’ਤੇ ਪਾਬੰਦੀ
ਇਹ ਹੁਕਮ 9 ਨਵੰਬਰ ਦੀ ਸ਼ਾਮ 6 ਵਜੇ ਤੋਂ ਲਾਗੂ ਹੋਣਗੇ ਅਤੇ 11 ਨਵੰਬਰ ਦੀ ਸ਼ਾਮ 6 ਵਜੇ ਤੱਕ ਪ੍ਰਭਾਵੀ ਰਹਿਣਗੇ। ਇਸ ਦੌਰਾਨ ਹਲਕੇ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਜਨਤਕ ਮੀਟਿੰਗ, ਰੈਲੀ ਜਾਂ ਪ੍ਰਦਰਸ਼ਨ ਕਰਨ ਜਾਂ ਉਸ ਵਿੱਚ ਸ਼ਾਮਲ ਹੋਣ ’ਤੇ ਪਾਬੰਦੀ ਰਹੇਗੀ।
ਬਾਹਰੀ ਵਿਅਕਤੀਆਂ ਦੀ ਐਂਟਰੀ ’ਤੇ ਵੀ ਰੋਕ
ਜ਼ਿਲ੍ਹਾ ਮੈਜਿਸਟਰੇਟ ਨੇ ਚੋਣੀ ਹਲਕੇ ਤੋਂ ਬਾਹਰ ਦੇ ਵੋਟਰਾਂ ਅਤੇ ਵਿਅਕਤੀਆਂ ਦੀ ਮੌਜੂਦਗੀ ਅਤੇ ਗਤੀਵਿਧੀ ’ਤੇ ਵੀ ਪਾਬੰਦੀ ਲਗਾਈ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੋਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਬਾਹਰੀ ਦਖ਼ਲ ਅੰਦਾਜ਼ੀ ਨੂੰ ਰੋਕਣ ਲਈ ਇਹ ਕਦਮ ਜ਼ਰੂਰੀ ਹੈ।
ਮੀਡੀਆ ਤੇ ਓਪੀਨੀਅਨ ਪੋਲ ’ਤੇ ਪੂਰੀ ਰੋਕ
ਸਿਨੇਮਾਘਰਾਂ, ਟੈਲੀਵੀਜ਼ਨ ਜਾਂ ਹੋਰ ਮੀਡੀਆ ਪਲੇਟਫਾਰਮਾਂ ਰਾਹੀਂ ਕਿਸੇ ਵੀ ਚੋਣ ਮਾਮਲੇ, ਓਪੀਨੀਅਨ ਪੋਲ ਜਾਂ ਸਰਵੇਅ ਨੂੰ ਜਨਤਾ ਸਾਹਮਣੇ ਪੇਸ਼ ਕਰਨ ’ਤੇ ਪਾਬੰਦੀ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਕੋਈ ਵੀ ਗਤੀਵਿਧੀ ਮਨ੍ਹਾਂ ਰਹੇਗੀ।
ਪੋਲਿੰਗ ਸਟੇਸ਼ਨਾਂ ਦੇ ਨੇੜੇ ਇਕੱਠ ’ਤੇ ਸਖ਼ਤ ਰੋਕ
ਪੋਲਿੰਗ ਬੂਥਾਂ ਤੋਂ 100 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ, ਚੋਣ ਸਮੇਂ ਲਾਊਡਸਪੀਕਰ ਜਾਂ ਹੋਰ ਸਾਊਂਡ ਉਪਕਰਣਾਂ ਦੀ ਵਰਤੋਂ ਵੀ ਮਨ੍ਹਾਂ ਰਹੇਗੀ।
ਉਲੰਘਣਾ ਕਰਨ ’ਤੇ ਕਾਰਵਾਈ ਦਾ ਚੇਤਾਵਨੀ ਭਰਿਆ ਸੁਨੇਹਾ
ਡੀ.ਸੀ. ਰਾਹੁਲ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਵੀ ਇਹਨਾਂ ਨਿਰਦੇਸ਼ਾਂ ਦੀ ਉਲੰਘਣਾ ਕੀਤੀ, ਤਾਂ ਉਸ ’ਤੇ ਚੋਣ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

