ਚੰਡੀਗੜ੍ਹ :- ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਬਹੁਚਰਚਿਤ ਰਿਸ਼ਵਤ ਮਾਮਲੇ ‘ਚ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਮੈਦਾਨ ‘ਚ ਐਂਟਰੀ ਦੀ ਤਿਆਰੀ ਕਰ ਲਈ ਹੈ। ਈ.ਡੀ. ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਸੀ.ਬੀ.ਆਈ. ਦਫ਼ਤਰ ਪਹੁੰਚੇਗੀ, ਜਿੱਥੋਂ ਉਹ ਡੀ.ਆਈ.ਜੀ. ਭੁੱਲਰ ਅਤੇ ਉਸਦੇ ਵਿਚੋਲੇ ਕ੍ਰਿਸ਼ਨਾ ਸ਼ਾਰਦਾ ਨਾਲ ਜੁੜੇ ਰਿਕਾਰਡ ਹਾਸਲ ਕਰੇਗੀ। ਇਹ ਰਿਕਾਰਡ ਉਹਨਾਂ ਆਈ.ਏ.ਐਸ. ਤੇ ਆਈ.ਪੀ.ਐਸ. ਅਧਿਕਾਰੀਆਂ ਨਾਲ ਸੰਬੰਧਤ ਹੈ, ਜਿਨ੍ਹਾਂ ‘ਤੇ ਬੇਨਾਮੀ ਜਾਇਦਾਦਾਂ ਦੇ ਸੌਦਿਆਂ ਦੇ ਦੋਸ਼ ਲੱਗੇ ਹਨ।
ਸੀਬੀਆਈ ਜਾਂਚ ‘ਚ ਆਏ 50 ਅਧਿਕਾਰੀ ਰਡਾਰ ‘ਤੇ
ਸੀਬੀਆਈ ਦੀ ਪ੍ਰਾਰੰਭਿਕ ਜਾਂਚ ਦੌਰਾਨ ਹੁਣ ਤੱਕ ਪੰਜਾਬ ਦੇ ਲਗਭਗ 50 ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਹਨ। ਏਜੰਸੀ ਨੇ ਉਨ੍ਹਾਂ ਦੀ ਸੂਚੀ ਤਿਆਰ ਕਰ ਲਈ ਹੈ, ਜੋ ਹੁਣ ਈ.ਡੀ. ਨੂੰ ਸੌਂਪੀ ਜਾਵੇਗੀ। ਸਰੋਤਾਂ ਮੁਤਾਬਕ, ਰਿਕਾਰਡ ਹਾਸਲ ਕਰਨ ਤੋਂ ਬਾਅਦ ਈ.ਡੀ. ਟੀਮ ਵੱਲੋਂ ਇਨ੍ਹਾਂ ਅਧਿਕਾਰੀਆਂ ਨੂੰ ਬੇਨਾਮੀ ਜਾਇਦਾਦਾਂ ਬਾਰੇ ਪੁੱਛਗਿੱਛ ਲਈ ਤਲਬ ਕੀਤਾ ਜਾਵੇਗਾ।
ਭੁੱਲਰ ਦਾ ਖੁਲਾਸਾ — ਅਧਿਕਾਰੀਆਂ ਦੀ ਨਿਵੇਸ਼ ਚੇਨ ਬੇਨਕਾਬ
ਸੀਬੀਆਈ ਨੇ ਡੀ.ਆਈ.ਜੀ. ਭੁੱਲਰ ਨੂੰ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਪੰਜ ਦਿਨਾਂ ਦੇ ਰਿਮਾਂਡ ‘ਤੇ ਲਿਆ ਸੀ। ਪੁੱਛਗਿੱਛ ਦੌਰਾਨ ਭੁੱਲਰ ਨੇ ਦੱਸਿਆ ਕਿ ਪੰਜਾਬ ਦੇ ਕਈ ਆਈ.ਏ.ਐਸ. ਤੇ ਆਈ.ਪੀ.ਐਸ. ਅਧਿਕਾਰੀ ਪਟਿਆਲਾ ਦੇ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਰਾਹੀਂ ਜਾਇਦਾਦ ਵਿੱਚ ਨਿਵੇਸ਼ ਕਰਦੇ ਸਨ।
ਜਾਂਚ ਦੌਰਾਨ ਸੀਬੀਆਈ ਨੇ 14 ਅਜਿਹੇ ਅਧਿਕਾਰੀ ਪਛਾਣੇ — ਜਿਨ੍ਹਾਂ ਵਿੱਚ 10 ਆਈ.ਪੀ.ਐਸ. ਤੇ 4 ਆਈ.ਏ.ਐਸ. ਸ਼ਾਮਲ ਹਨ। ਪਤਾ ਲੱਗਾ ਕਿ ਇਹਨਾਂ ਵਿੱਚੋਂ 8 ਆਈ.ਪੀ.ਐਸ. ਅਜੇ ਵੀ ਸਰਗਰਮ ਸੇਵਾ ‘ਚ ਹਨ, ਜਦਕਿ 2 ਇਸ ਸਮੇਂ ਪੰਜਾਬ ਪੁਲਿਸ ਅਕੈਡਮੀ ਵਿੱਚ ਤਾਇਨਾਤ ਹਨ।
ਮੰਡੀ ਗੋਬਿੰਦਗੜ੍ਹ ਤੱਕ ਜਾਇਦਾਦਾਂ ਦਾ ਜਾਲ
ਸੀਬੀਆਈ ਜਾਂਚ ਅਨੁਸਾਰ, ਚਾਰ ਆਈ.ਏ.ਐਸ. ਅਧਿਕਾਰੀ ਮੰਡੀ ਗੋਬਿੰਦਗੜ੍ਹ ਖੇਤਰ ਨਾਲ ਜੁੜੇ ਨਿਵੇਸ਼ ਗਠਜੋੜ ਦਾ ਹਿੱਸਾ ਸਨ। ਏਜੰਸੀ ਨੇ ਇਸ ਤੋਂ ਬਾਅਦ ਪਟਿਆਲਾ ਤੇ ਲੁਧਿਆਣਾ ਵਿੱਚ ਪ੍ਰਾਪਰਟੀ ਡੀਲਰਾਂ ਦੇ ਠਿਕਾਣਿਆਂ ‘ਤੇ ਛਾਪੇ ਮਾਰੇ ਤੇ ਕਈ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ ਹਨ।
ਕ੍ਰਿਸ਼ਨਾ ਸ਼ਾਰਦਾ ਦੇ ਡਿਵਾਈਸਾਂ ‘ਚ ਭ੍ਰਿਸ਼ਟ ਸੌਦਿਆਂ ਦੇ ਸਬੂਤ
ਸੀਬੀਆਈ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਪ੍ਰਗਤੀ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਕਿ ਵਿਚੋਲੇ ਕ੍ਰਿਸ਼ਨਾ ਸ਼ਾਰਦਾ ਦੇ ਮੋਬਾਈਲ ਤੇ ਲੈਪਟਾਪ ਤੋਂ ਕਈ ਰਿਸ਼ਵਤਖੋਰੀ ਤੇ ਪੋਸਟਿੰਗ ਸੌਦਿਆਂ ਦੇ ਸਬੂਤ ਮਿਲੇ ਹਨ। ਉਸ ‘ਤੇ ਦੋਸ਼ ਹੈ ਕਿ ਉਸ ਨੇ ਕੁਝ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਤਬਾਦਲੇ, ਹਥਿਆਰ ਲਾਇਸੈਂਸ, ਐਫਆਈਆਰ ਰੱਦ ਕਰਨ ਅਤੇ ਪੁਲਿਸ ਜਾਂਚਾਂ ‘ਚ ਦਖਲ ਕੀਤਾ।
ਈ.ਡੀ. ਨੂੰ ਮਿਲੇਗਾ ਸਾਰਾ ਰਿਕਾਰਡ
ਮੰਗਲਵਾਰ ਨੂੰ ਸੀਬੀਆਈ ਵੱਲੋਂ ਬੇਨਾਮੀ ਜਾਇਦਾਦਾਂ ਨਾਲ ਜੁੜੇ ਸਾਰੇ ਦਸਤਾਵੇਜ਼ ਈ.ਡੀ. ਨੂੰ ਸੌਂਪਣ ਦੀ ਤਿਆਰੀ ਹੈ। ਇਸ ਤੋਂ ਬਾਅਦ, ਏਜੰਸੀ ਵੱਲੋਂ ਉਨ੍ਹਾਂ ਅਧਿਕਾਰੀਆਂ ਨੂੰ ਤਲਬ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੇ ਨਾਮ ਭੁੱਲਰ ਜਾਂ ਕ੍ਰਿਸ਼ਨਾ ਸ਼ਾਰਦਾ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਏ ਹਨ।
ਇਹੀ ਕ੍ਰਿਸ਼ਨਾ ਸ਼ਾਰਦਾ ਉਹ ਵਿਚੋਲਾ ਹੈ ਜੋ ਇੱਕ ਸਕ੍ਰੈਪ ਡੀਲਰ ਤੋਂ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਫੜਿਆ ਗਿਆ ਸੀ, ਜਿਸ ਨੇ ਪੂਰੇ ਪੰਜਾਬ ਪ੍ਰਸ਼ਾਸਨਿਕ ਤੰਤਰ ਵਿੱਚ ਹਲਚਲ ਮਚਾ ਦਿੱਤੀ ਸੀ।

