ਚੰਡੀਗੜ੍ਹ :- ਨਵੰਬਰ ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲਦਾ ਨਜ਼ਰ ਆ ਰਿਹਾ ਹੈ। ਪੱਛਮੀ ਗੜਬੜੀ ਦੇ ਅਸਰ ਨਾਲ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ, ਜਿਸ ਕਰਕੇ ਸਵੇਰ ਤੇ ਰਾਤ ਦੇ ਵੇਲੇ ਠੰਢ ਵਧ ਗਈ ਹੈ। ਮੌਸਮ ਵਿਗਿਆਨ ਵਿਭਾਗ ਦੇ ਅਨੁਸਾਰ, ਆਉਣ ਵਾਲਾ ਦਸੰਬਰ ਸੂਬੇ ਲਈ ਆਮ ਨਾਲੋਂ ਵਧੇਰੇ ਕੜਾਕੇ ਦੀ ਸਰਦੀ ਲਿਆ ਸਕਦਾ ਹੈ।
ਤਾਪਮਾਨ ਲਗਾਤਾਰ ਡਿੱਗ ਰਿਹਾ
ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ 13 ਨਵੰਬਰ ਤੱਕ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਆਮ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ। ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਪਾਰਾ 24 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ, ਜਦੋਂ ਕਿ ਹੋਰ ਜ਼ਿਲ੍ਹਿਆਂ ਵਿੱਚ ਇਹ 26 ਤੋਂ 28 ਡਿਗਰੀ ਤੱਕ ਰਹੇਗਾ।
ਰਾਤ ਦੇ ਤਾਪਮਾਨ ਵਿੱਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਠਾਨਕੋਟ, ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਪਾਰਾ 6 ਤੋਂ 8 ਡਿਗਰੀ ਤੱਕ ਡਿੱਗ ਸਕਦਾ ਹੈ। ਹੋਰ ਖੇਤਰਾਂ ਵਿੱਚ ਇਹ 8 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਇਸ ਕਾਰਨ ਉੱਤਰੀ ਤੇ ਪੱਛਮੀ ਹਿੱਸਿਆਂ ਵਿੱਚ ਆਮ ਨਾਲੋਂ ਠੰਢ ਵਧਣ ਦੀ ਸੰਭਾਵਨਾ ਹੈ।
ਲਾ ਨੀਨਾ ਬਣੇਗਾ ਮੁੱਖ ਕਾਰਨ
ਮੌਸਮ ਵਿਗਿਆਨੀਆਂ ਅਨੁਸਾਰ ਇਸ ਸਾਲ ਦੀ ਵਧਦੀ ਠੰਡ ਦੇ ਪਿੱਛੇ “ਲਾ ਨੀਨਾ” ਪ੍ਰਭਾਵ ਸਭ ਤੋਂ ਵੱਡਾ ਕਾਰਨ ਬਣੇਗਾ। ਇਹ ਪ੍ਰਕਿਰਿਆ ਉਸ ਵੇਲੇ ਹੁੰਦੀ ਹੈ ਜਦੋਂ ਮੱਧ ਤੇ ਪੂਰਬੀ ਪ੍ਰਸ਼ਾਂਤ ਮਹਾਂਸਾਗਰ ਦਾ ਪਾਣੀ ਆਮ ਨਾਲੋਂ ਠੰਡਾ ਹੋ ਜਾਂਦਾ ਹੈ। ਇਹ ਠੰਢਾ ਪਾਣੀ ਸਮੁੰਦਰ ਦੀ ਸਤ੍ਹਾ ’ਤੇ ਆਉਂਦਾ ਹੈ, ਜਿਸ ਨਾਲ ਦੁਨੀਆ ਦੇ ਕਈ ਖੇਤਰਾਂ ਦਾ ਮੌਸਮ ਬਦਲ ਜਾਂਦਾ ਹੈ।
ਸਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜਦੋਂ ਸਮੁੰਦਰ ਦਾ ਪਾਣੀ ਠੰਡਾ ਹੋ ਜਾਂਦਾ ਹੈ, ਤਾਂ ਇਹ ਠੰਢੀਆਂ ਹਵਾਵਾਂ ਪੈਦਾ ਕਰਦਾ ਹੈ ਜੋ ਮੌਸਮ ਨੂੰ ਹੋਰ ਵੀ ਠੰਡਾ ਕਰ ਦਿੰਦੀਆਂ ਹਨ। ਭਾਰਤ ਸਮੇਤ ਦੱਖਣੀ ਏਸ਼ੀਆ ਵਿੱਚ ਇਹ ਪ੍ਰਭਾਵ ਸਰਦੀਆਂ ਨੂੰ ਹੋਰ ਤੀਬਰ ਬਣਾ ਦਿੰਦਾ ਹੈ।
ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਦੀ ਚੇਤਾਵਨੀ
ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਲਾ ਨੀਨਾ ਦੇ ਦੌਰਾਨ ਅਕਤੂਬਰ ਤੋਂ ਦਸੰਬਰ ਤੱਕ ਉੱਤਰੀ ਭਾਰਤ ਦੇ ਮੌਸਮ ਵਿੱਚ ਤੀਬਰ ਬਦਲਾਅ ਆਉਂਦਾ ਹੈ। ਇਸ ਨਾਲ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਵੱਧਦੀ ਹੈ ਅਤੇ ਮੈਦਾਨੀ ਖੇਤਰਾਂ ਵਿੱਚ ਸੀਤ ਲਹਿਰ ਦੀ ਸਥਿਤੀ ਬਣਦੀ ਹੈ।
ਇਸ ਸਾਲ ਵੀ ਉਮੀਦ ਹੈ ਕਿ ਦਸੰਬਰ ਦੇ ਮਹੀਨੇ ਵਿੱਚ ਪੰਜਾਬ ਸਮੇਤ ਉੱਤਰੀ ਭਾਰਤ ਦੇ ਵੱਡੇ ਹਿੱਸੇ ਵਿੱਚ ਰਾਤਾਂ ਜ਼ਿਆਦਾ ਠੰਡੀਆਂ ਹੋਣਗੀਆਂ। ਪੱਛਮੀ ਗੜਬੜੀ ਦੀ ਸਰਗਰਮੀ ਕਾਰਨ ਹਵਾ ਵਿੱਚ ਨਮੀ ਵਧੇਗੀ, ਜਿਸ ਨਾਲ ਧੁੰਦ ਅਤੇ ਠੰਡ ਦੋਵੇਂ ਦੀ ਤੀਬਰਤਾ ਮਹਿਸੂਸ ਹੋਵੇਗੀ।
ਲੋਕਾਂ ਨੂੰ ਹੁਣੋਂ ਹੀ ਕਰਨੀ ਚਾਹੀਦੀ ਹੈ ਤਿਆਰੀ
ਮੌਸਮ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਦਸੰਬਰ ਤੋਂ ਠੰਡ ਦਾ ਪੱਧਰ ਆਮ ਨਾਲੋਂ ਉੱਚਾ ਰਹੇਗਾ। ਸਵੇਰੇ ਤੇ ਰਾਤ ਦੇ ਵੇਲੇ ਤਾਪਮਾਨ ਵਿੱਚ ਅਚਾਨਕ ਗਿਰਾਵਟ ਹੋ ਸਕਦੀ ਹੈ। ਖ਼ਾਸਕਰ ਬਜ਼ੁਰਗਾਂ ਅਤੇ ਬੱਚਿਆਂ ਨੂੰ ਠੰਡ ਤੋਂ ਬਚਾਅ ਲਈ ਵਿਸ਼ੇਸ਼ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।

