ਫਿਰੋਜ਼ਪੁਰ :- ਪੰਜਾਬ ਦੇ ਮਾਲਵਾ ਖੇਤਰ ਲਈ ਅੱਜ ਦਾ ਦਿਨ ਇਤਿਹਾਸਕ ਸਾਬਤ ਹੋਇਆ, ਜਦੋਂ ਫਿਰੋਜ਼ਪੁਰ ਤੋਂ ਚੱਲੀ ਬੰਦੇ ਭਾਰਤ ਐਕਸਪ੍ਰੈਸ ਆਪਣੀ ਪਹਿਲੀ ਯਾਤਰਾ ’ਤੇ ਬਠਿੰਡਾ ਵਿਖੇ ਸ਼ਾਨਦਾਰ ਤਰੀਕੇ ਨਾਲ ਪਹੁੰਚੀ। ਇਹ ਟ੍ਰੇਨ ਦਿੱਲੀ ਰਾਹੀਂ ਧੂਰੀ, ਅੰਬਾਲਾ ਤੇ ਕੁਰੂਕਸ਼ੇਤਰ ਤੱਕ ਆਪਣੀ ਤੇਜ਼ ਰਫ਼ਤਾਰ ਯਾਤਰਾ ਕਰੇਗੀ।
ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਚਾਰ ਨਵੀਆਂ ਬੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ, ਜਦਕਿ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਖ਼ੁਦ ਇਸ ਗੱਡੀ ਵਿੱਚ ਸਫਰ ਕਰਦੇ ਹੋਏ ਬਠਿੰਡਾ ਪਹੁੰਚੇ।
ਰੇਲ ਮੰਤਰੀ ਬਿੱਟੂ ਨੇ ਕਿਹਾ — “ਇਹ ਸਿਰਫ਼ ਗੱਡੀ ਨਹੀਂ, ਵਿਕਾਸ ਦਾ ਰਾਹ ਹੈ”
ਬਠਿੰਡਾ ਪਹੁੰਚਣ ਉਪਰੰਤ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬੰਦੇ ਭਾਰਤ ਟ੍ਰੇਨ ਪੰਜਾਬ ਲਈ ਇਕ ਵੱਡਾ ਤੋਹਫ਼ਾ ਹੈ।
ਉਨ੍ਹਾਂ ਕਿਹਾ, “ਪੰਜਾਬ ਨੂੰ ਅਜਿਹੀਆਂ ਤੇਜ਼ ਰਫ਼ਤਾਰ ਤੇ ਸੁੱਖ ਸਹੂਲਤਾਂ ਨਾਲ ਲੈਸ ਟ੍ਰੇਨਾਂ ਦੀ ਬਹੁਤ ਲੋੜ ਸੀ। ਹੁਣ ਲੋਕਾਂ ਨੂੰ ਆਰਾਮਦਾਇਕ ਤੇ ਤੇਜ਼ ਯਾਤਰਾ ਦਾ ਅਨੁਭਵ ਮਿਲੇਗਾ।”
ਬਿੱਟੂ ਨੇ ਦੱਸਿਆ ਕਿ ਇਹ ਗੱਡੀ ਅਤਿ-ਆਧੁਨਿਕ ਤਕਨੀਕ ਨਾਲ ਤਿਆਰ ਕੀਤੀ ਗਈ ਹੈ, ਜੋ 160 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਚੱਲ ਸਕਦੀ ਹੈ। ਇਸ ਵਿੱਚ ਆਟੋਮੈਟਿਕ ਸੁਰੱਖਿਆ ਪ੍ਰਣਾਲੀ ਲਗਾਈ ਗਈ ਹੈ ਜਿਸ ਨਾਲ ਹਾਦਸਿਆਂ ਦੀ ਸੰਭਾਵਨਾ ਨਾ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਹਰ ਡੱਬੇ ਵਿੱਚ ਯਾਤਰੀ ਸੰਪਰਕ ਮਾਈਕ ਸਿਸਟਮ ਤੇ ਵਿਸ਼ੇਸ਼ ਮੈਡੀਕਲ ਟੀਮ ਦੀ ਸਹੂਲਤ ਉਪਲਬਧ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਤੁਰੰਤ ਸਹਾਇਤਾ ਦਿੱਤੀ ਜਾ ਸਕੇ।
ਪੰਜਾਬ ਨੂੰ ਰੇਲ ਮਾਰਗ ਰਾਹੀਂ ਜੋੜਨ ਦਾ ਨਵਾਂ ਦੌਰ
ਰੇਲ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਉਦੇਸ਼ ਸਿਰਫ਼ ਨਵੀਆਂ ਟ੍ਰੇਨਾਂ ਚਲਾਉਣਾ ਨਹੀਂ, ਸਗੋਂ ਪੰਜਾਬ ਦੇ ਹਰ ਹਿੱਸੇ ਨੂੰ ਰੇਲ ਮਾਰਗ ਰਾਹੀਂ ਜੋੜਨਾ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਵੀ ਜਲਦੀ ਹੀ ਰੇਲ ਮਾਰਗ ਨਾਲ ਜੋੜਿਆ ਜਾਵੇਗਾ, ਜਦਕਿ ਰਾਜਪੁਰਾ–ਚੰਡੀਗੜ੍ਹ ਰੇਲ ਲਾਈਨ ਨੂੰ ਵੀ ਅੰਤਿਮ ਮਨਜ਼ੂਰੀ ਮਿਲ ਚੁੱਕੀ ਹੈ।
ਇਸ ਤੋਂ ਇਲਾਵਾ, ਪੰਜਾਬ ਦੇ ਹੋਰ ਖੇਤਰਾਂ ਵਿੱਚ ਨਵੀਆਂ ਰੇਲ ਲਾਈਨਾਂ ਤੇ ਸਟੇਸ਼ਨਾਂ ਦੇ ਅਧੁਨੀਕਰਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।ਵਪਾਰੀਆਂ ਤੇ ਯਾਤਰੀਆਂ ਲਈ ਵੱਡਾ ਫਾਇਦਾ
ਵਪਾਰ ਮੰਡਲ ਦੇ ਪ੍ਰਧਾਨ ਰਜਿੰਦਰ ਕੁਮਾਰ ਰਾਜੂ ਭੱਠੇ ਵਾਲੇ ਨੇ ਕਿਹਾ ਕਿ ਬੰਦੇ ਭਾਰਤ ਟ੍ਰੇਨ ਨਾਲ ਵਪਾਰੀਆਂ ਨੂੰ ਵੱਡਾ ਲਾਭ ਹੋਵੇਗਾ।
ਉਨ੍ਹਾਂ ਕਿਹਾ, “ਸਮਾਂ ਬਚੇਗਾ, ਸਹੂਲਤ ਵਧੇਗੀ ਅਤੇ ਵਪਾਰੀਆਂ ਲਈ ਹੋਰ ਰਾਜਾਂ ਤੱਕ ਪਹੁੰਚ ਆਸਾਨ ਹੋਵੇਗੀ। ਪੰਜਾਬ ਦੇ ਉਦਯੋਗ ਅਤੇ ਰਿਟੇਲ ਸੈਕਟਰ ਲਈ ਇਹ ਕਦਮ ਤਬਦੀਲੀ ਲਿਆਉਣ ਵਾਲਾ ਸਾਬਤ ਹੋਵੇਗਾ।”
2027 ਚੋਣਾਂ ਤੋਂ ਪਹਿਲਾਂ ਵਿਕਾਸਕਾਰੀ ਰਾਹ ਪੱਕਾ ਕਰਨ ਦੀ ਕੋਸ਼ਿਸ਼
ਬਿੱਟੂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਕਈ ਵੱਡੇ ਵਿਕਾਸਕਾਰੀ ਪ੍ਰੋਜੈਕਟ ਲੈ ਕੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਯਾਸ ਸਿਰਫ਼ ਚੋਣੀ ਐਲਾਨ ਨਹੀਂ, ਸਗੋਂ ਪੰਜਾਬ ਦੇ ਲੋਕਾਂ ਨੂੰ ਸੁਵਿਧਾ ਤੇ ਆਧੁਨਿਕ ਬੁਨਿਆਦੀ ਢਾਂਚੇ ਨਾਲ ਜੋੜਨ ਦੀ ਕੋਸ਼ਿਸ਼ ਹੈ।

