ਤਰਨਤਾਰਨ :- ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਮੁਹਿੰਮ ਦੌਰਾਨ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਸਵਰਗੀ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਭਾਣਜੇ ਅਤੇ ਆਮ ਆਦਮੀ ਪਾਰਟੀ ਦੇ ਸਰਗਰਮ ਨੌਜਵਾਨ ਆਗੂ ਐਡਵੋਕੇਟ ਕੋਮਲਪ੍ਰੀਤ ਸਿੰਘ ਨੇ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਦਾਮਨ ਫੜ ਲਿਆ ਹੈ।
ਝਬਾਲ ’ਚ ਹੋਈ ਵੱਡੀ ਰੈਲੀ ਦੌਰਾਨ ਸ਼ਾਮਲ ਹੋਏ ਭਾਜਪਾ ਵਿੱਚ
ਕਸਬਾ ਝਬਾਲ ਵਿਖੇ ਹੋਈ ਵਿਸ਼ਾਲ ਚੋਣ ਰੈਲੀ ਦੌਰਾਨ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਯਤਨਾਂ ਨਾਲ ਕੋਮਲਪ੍ਰੀਤ ਸਿੰਘ ਨੇ ਰਸਮੀ ਤੌਰ ’ਤੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਉਨ੍ਹਾਂ ਨੂੰ ਪਾਰਟੀ ਚਿੰਨ ਸੌਂਪਦਿਆਂ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸਮਾਗਮ ਦੌਰਾਨ ਉਨ੍ਹਾਂ ਨੂੰ ਮੰਚ ’ਤੇ ਸਨਮਾਨਿਤ ਵੀ ਕੀਤਾ ਗਿਆ।
ਭਾਜਪਾ ਲੀਡਰਸ਼ਿਪ ਦੀ ਵੱਡੀ ਹਾਜ਼ਰੀ
ਇਸ ਰੈਲੀ ਵਿੱਚ ਭਾਜਪਾ ਦੇ ਕਈ ਸੀਨੀਅਰ ਨੇਤਾ ਮੌਜੂਦ ਸਨ, ਜਿਵੇਂ ਕਿ ਚੋਣ ਇੰਚਾਰਜ ਸੁਰਜੀਤ ਜਿਆਣੀ, ਉੱਪ ਪ੍ਰਧਾਨ ਕੇਵਲ ਸਿੰਘ ਢਿੱਲੋਂ, ਅਤੇ ਐਸਸੀ ਮੋਰਚਾ ਪ੍ਰਧਾਨ ਸੁੱਚਾ ਰਾਮ ਲੱਧੜ, ਜਿਨ੍ਹਾਂ ਨੇ ਮੰਚ ਤੋਂ ਪਾਰਟੀ ਦੀ ਚੋਣ ਰਣਨੀਤੀ ਅਤੇ ਵਿਕਾਸਕਾਰੀ ਨੀਤੀਆਂ ਬਾਰੇ ਗੱਲ ਕੀਤੀ।
ਇਸ ਤੋਂ ਇਲਾਵਾ ਪ੍ਰਦੇਸ਼ ਮਹਾਂ ਮੰਤਰੀ ਰਾਕੇਸ਼ ਰਠੌਰ, ਅਨਿਲ ਸਰੀਨ, ਦਿਆਲ ਸਿੰਘ ਸੋਢੀ, ਸਹਿ ਇੰਚਾਰਜ ਰਵੀ ਕਰਨ ਸਿੰਘ ਕਾਹਲੋਂ, ਅਦਾਕਾਰ ਹੌਬੀ ਧਾਲੀਵਾਲ, ਪ੍ਰਦੇਸ਼ ਸੈਕਟਰੀ ਸੂਰਜ ਭਾਰਦਵਾਜ ਅਤੇ ਭਾਨੂ ਪ੍ਰਤਾਪ, ਨਾਲ ਹੀ ਜਿਲਾ ਪ੍ਰਧਾਨ ਅਮਰਪਾਲ ਸਿੰਘ ਬੋਨੀ ਤੇ ਹਰਜੋਤ ਸਿੰਘ ਸਮੇਤ ਹੋਰ ਕਈ ਆਗੂ ਵੀ ਹਾਜ਼ਰ ਰਹੇ।
ਭਾਜਪਾ ਦੇ ਕੈਂਪ ਵਿੱਚ ਉਤਸ਼ਾਹ, ‘ਆਪ’ ਵਿੱਚ ਮਾਯੂਸੀ
ਕੋਮਲਪ੍ਰੀਤ ਸਿੰਘ ਦੀ ਸ਼ਮੂਲੀਅਤ ਨਾਲ ਭਾਜਪਾ ਕੈਂਪ ਵਿੱਚ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੀ ਗਿਣਤੀ ਤਰਨਤਾਰਨ ਹਲਕੇ ਦੇ ਸਰਗਰਮ ਤੇ ਪ੍ਰਭਾਵਸ਼ਾਲੀ ਨੌਜਵਾਨ ਆਗੂਆਂ ‘ਚ ਹੁੰਦੀ ਹੈ।
ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਇਸ ਤਿਆਗ ਨੂੰ ਲੈ ਕੇ ਚੁੱਪੀ ਸਾਧੇ ਹੋਏ ਹਨ। ਚੋਣਾਂ ਦੇ ਸਮੇਂ ਹੋਈ ਇਹ ਤਬਦੀਲੀ ਤਰਨਤਾਰਨ ਹਲਕੇ ਦੇ ਸਿਆਸੀ ਸਮੀਕਰਨਾਂ ‘ਚ ਵੱਡਾ ਬਦਲਾਅ ਲਿਆ ਸਕਦੀ ਹੈ।

