ਕੁਪਵਾੜਾ :- ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕੇ ਕੇਰਨ ਸੈਕਟਰ ਵਿੱਚ ਅੱਜ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਦਾ ਤਿੱਖਾ ਮੁਕਾਬਲਾ ਹੋਇਆ। ਇਸ ਕਾਰਵਾਈ ਦੌਰਾਨ ਦੋ ਅੱਤਵਾਦੀਆਂ ਨੂੰ ਮਾਰ ਗਿਰਾਇਆ ਗਿਆ, ਜਦਕਿ ਆਪ੍ਰੇਸ਼ਨ ਅਜੇ ਵੀ ਜਾਰੀ ਹੈ। ਖੁਫੀਆ ਏਜੰਸੀਆਂ ਵੱਲੋਂ ਪਹਿਲਾਂ ਹੀ ਘੁਸਪੈਠ ਦੀ ਕੋਸ਼ਿਸ਼ ਬਾਰੇ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਤੁਰੰਤ ਘੇਰਾਬੰਦੀ ਕਰ ਦਿੱਤੀ ਸੀ।
ਖੁਫੀਆ ਇਨਪੁੱਟ ਮਿਲਣ ਤੋਂ ਬਾਅਦ ਸ਼ੁਰੂ ਹੋਇਆ ਆਪ੍ਰੇਸ਼ਨ
ਚਿਨਾਰ ਕੋਰ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਸਾਂਝਾ ਆਪ੍ਰੇਸ਼ਨ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਹਿਯੋਗ ਨਾਲ 7 ਨਵੰਬਰ ਨੂੰ ਸ਼ੁਰੂ ਕੀਤਾ ਗਿਆ ਸੀ। ਸਵੇਰੇ ਕਰੀਬੇ ਗਸ਼ਤ ਦੌਰਾਨ ਜਵਾਨਾਂ ਨੇ ਇਲਾਕੇ ‘ਚ ਸ਼ੱਕੀ ਹਿਲਜੁਲ ਦੇਖੀ, ਜਿਸ ਤੋਂ ਬਾਅਦ ਘੇਰਾ ਤੰਗ ਕੀਤਾ ਗਿਆ। ਜਦੋਂ ਸੁਰੱਖਿਆ ਬਲਾਂ ਨੇ ਸ਼ੱਕੀ ਵਿਅਕਤੀਆਂ ਨੂੰ ਰੁਕਣ ਲਈ ਕਿਹਾ, ਤਾਂ ਉਨ੍ਹਾਂ ਨੇ ਗੋਲੀਬਾਰੀ ਕਰ ਦਿੱਤੀ।
ਜਵਾਨਾਂ ਦੀ ਜਵਾਬੀ ਕਾਰਵਾਈ, ਦੋ ਅੱਤਵਾਦੀ ਮਾਰੇ ਗਏ
ਅਚਾਨਕ ਗੋਲੀਬਾਰੀ ਦਾ ਜਵਾਬ ਦਿੰਦਿਆਂ ਸੁਰੱਖਿਆ ਬਲਾਂ ਨੇ ਤੁਰੰਤ ਮੋਚਾ ਸੰਭਾਲਿਆ। ਲਗਾਤਾਰ ਚੱਲੀ ਗੋਲੀਬਾਰੀ ਦੌਰਾਨ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਇਲਾਕੇ ਵਿੱਚ ਹੁਣ ਵੀ ਖੋਜ ਮੁਹਿੰਮ ਜਾਰੀ ਹੈ ਤਾਂ ਜੋ ਕਿਸੇ ਹੋਰ ਅੱਤਵਾਦੀ ਦੀ ਮੌਜੂਦਗੀ ਦਾ ਪਤਾ ਲੱਗ ਸਕੇ।
ਪੂਰਾ ਇਲਾਕਾ ਘੇਰਿਆ ਗਿਆ, ਵਾਧੂ ਫੋਰਸ ਤਾਇਨਾਤ
ਅਧਿਕਾਰੀਆਂ ਮੁਤਾਬਕ, ਘਟਨਾ ਤੋਂ ਬਾਅਦ ਕੇਰਨ ਸੈਕਟਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਵਾਧੂ ਬਲਾਂ ਨੂੰ ਤਾਇਨਾਤ ਕਰਕੇ ਹਰ ਘਰ ਤੇ ਜੰਗਲਾਤੀ ਹਿੱਸੇ ਦੀ ਤਲਾਸ਼ੀ ਲੈ ਰਹੇ ਹਨ। ਕਿਸੇ ਵੀ ਸੰਭਾਵਿਤ ਘੁਸਪੈਠੀ ਨੂੰ ਭੱਜਣ ਤੋਂ ਰੋਕਣ ਲਈ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ।
ਘਾਟੀ ਵਿੱਚ ਅੱਤਵਾਦੀ ਗਤੀਵਿਧੀਆਂ ‘ਤੇ ਨਿਗਰਾਨੀ ਵਧਾਈ ਗਈ
ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਖੁਫੀਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਘਾਟੀ ਵਿੱਚ ਦੁਬਾਰਾ ਅੱਤਵਾਦੀ ਗਤੀਵਿਧੀਆਂ ਵੱਧ ਸਕਦੀਆਂ ਹਨ। ਇਸ ਤੋਂ ਪਹਿਲਾਂ ਕਿਸ਼ਤਵਾੜ ਦੇ ਛਤਰੂ ਇਲਾਕੇ ਵਿੱਚ ਮੁਕਾਬਲੇ ਦੌਰਾਨ ਇੱਕ ਜਵਾਨ ਜ਼ਖਮੀ ਹੋਇਆ ਸੀ, ਜਦਕਿ ਸ੍ਰੀਨਗਰ ਪੁਲਿਸ ਨੇ ਵੀਰਵਾਰ ਰਾਤ ਤਿੰਨ ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਸੁਰੱਖਿਆ ਏਜੰਸੀਆਂ ਚੌਕਸ, ਸਰਹੱਦੀ ਨਿਗਰਾਨੀ ਹੋਰ ਮਜ਼ਬੂਤ
ਸੁਰੱਖਿਆ ਸਰੋਤਾਂ ਅਨੁਸਾਰ, ਹਾਲੀਆ ਘਟਨਾਵਾਂ ਤੋਂ ਬਾਅਦ ਸਰਹੱਦਾਂ ‘ਤੇ ਪਹਿਰਾ ਵਧਾ ਦਿੱਤਾ ਗਿਆ ਹੈ। ਡਰੋਨ ਨਿਗਰਾਨੀ ਦੇ ਨਾਲ-ਨਾਲ ਰਾਤੀ ਗਸ਼ਤ ਨੂੰ ਵੀ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਪਹਿਲੇ ਹੀ ਪੱਧਰ ‘ਤੇ ਨਾਕਾਮ ਕੀਤਾ ਜਾ ਸਕੇ।

