ਚੰਡੀਗੜ੍ਹ :- ਪੰਜਾਬ ਨੂੰ ਅੱਜ ਆਧੁਨਿਕ ਰੇਲ ਸੇਵਾ ਦੀ ਇਕ ਹੋਰ ਵੱਡੀ ਸੌਗਾਤ ਮਿਲੀ ਹੈ। ਫਿਰੋਜ਼ਪੁਰ ਕੈਂਟ ਤੋਂ ਦਿੱਲੀ ਲਈ ਵੰਦੇ ਭਾਰਤ ਐਕਸਪ੍ਰੈਸ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਨਵੀਂ ਟ੍ਰੇਨ ਸੇਵਾ ਨਾਲ ਯਾਤਰੀਆਂ ਦਾ ਸਫ਼ਰ ਹੋਰ ਤੇਜ਼ ਅਤੇ ਸੁਵਿਧਾਜਨਕ ਹੋ ਜਾਵੇਗਾ। ਹੁਣ ਫਿਰੋਜ਼ਪੁਰ ਤੋਂ ਦਿੱਲੀ ਪਹੁੰਚਣ ਲਈ ਕੇਵਲ 6 ਘੰਟੇ 40 ਮਿੰਟ ਲੱਗਣਗੇ। ਇਹ ਟ੍ਰੇਨ ਹਫ਼ਤੇ ਵਿੱਚ 6 ਦਿਨ ਚੱਲੇਗੀ।
ਪ੍ਰਧਾਨ ਮੰਤਰੀ ਨੇ ਚਾਰ ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਦਿੱਤੀ ਹਰੀ ਝੰਡੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵਾਰਾਣਸੀ ਤੋਂ ਇਕ ਸਮਾਰੋਹ ਦੌਰਾਨ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਇਹ ਟ੍ਰੇਨਾਂ ਦੇਸ਼ ਦੇ ਵੱਖ-ਵੱਖ ਖੇਤਰਾਂ ਨੂੰ ਤੇਜ਼ ਰਫ਼ਤਾਰ ਨਾਲ ਜੋੜਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।
ਇਨ੍ਹਾਂ ਚਾਰ ਰੂਟਾਂ ‘ਤੇ ਚੱਲਣਗੀਆਂ ਨਵੀਆਂ ਟ੍ਰੇਨਾਂ
ਨਵੀਂ ਸ਼ੁਰੂ ਹੋਈਆਂ ਵੰਦੇ ਭਾਰਤ ਟ੍ਰੇਨਾਂ ਵਿੱਚ ਵਾਰਾਣਸੀ–ਖਜੂਰਾਹੋ, ਲਖਨਊ–ਸਹਾਰਨਪੁਰ, ਫਿਰੋਜ਼ਪੁਰ–ਦਿੱਲੀ ਅਤੇ ਏਰਨਾਕੁਲਮ–ਬੈਂਗਲੁਰੂ ਰੂਟ ਸ਼ਾਮਲ ਹਨ। ਇਨ੍ਹਾਂ ਰੂਟਾਂ ‘ਤੇ ਯਾਤਰੀਆਂ ਨੂੰ ਤੇਜ਼ ਗਤੀ, ਆਧੁਨਿਕ ਸੁਵਿਧਾਵਾਂ ਅਤੇ ਆਰਾਮਦਾਇਕ ਯਾਤਰਾ ਦਾ ਅਨੁਭਵ ਮਿਲੇਗਾ।
ਪੰਜਾਬ ਲਈ ਸੁਵਿਧਾ ਅਤੇ ਵਿਕਾਸ ਦਾ ਨਵਾਂ ਦਰਵਾਜ਼ਾ
ਫਿਰੋਜ਼ਪੁਰ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਸੇਵਾ ਨਾਲ ਪੰਜਾਬ ਅਤੇ ਰਾਸ਼ਟਰੀ ਰਾਜਧਾਨੀ ਦਰਮਿਆਨ ਯਾਤਰਾ ਦਾ ਸਮਾਂ ਘੱਟ ਹੋਵੇਗਾ। ਇਸ ਨਾਲ ਵਪਾਰ, ਸੈਰ-ਸਪਾਟਾ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ।

