ਅੰਮ੍ਰਿਤਸਰ :- ਪੰਜਾਬ ਨੂੰ ਨਸ਼ਾਮੁਕਤ ਬਣਾਉਣ ਲਈ ਚੱਲ ਰਹੀ ਰਾਜ ਸਰਕਾਰ ਦੀ ਮੁਹਿੰਮ ਹੇਠ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਕਾਰਵਾਈ ਦੌਰਾਨ ਪੁਲਿਸ ਨੇ ਦੋ ਅੰਤਰਰਾਸ਼ਟਰੀ ਡਰੱਗ ਸਪਲਾਈ ਮਾਡਿਊਲਾਂ ਦਾ ਪਰਦਾਫ਼ਾਸ਼ ਕਰਦਿਆਂ ਪਾਕਿਸਤਾਨ ਨਾਲ ਸਿੱਧੇ ਤੌਰ ’ਤੇ ਜੁੜੇ ਦੋ ਮੁੱਖ ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਨ੍ਹਾਂ ਕੋਲੋਂ 2.815 ਕਿਲੋਗ੍ਰਾਮ ਮੈਥੈਂਫੇਟਾਮਾਈਨ (ਆਈਸੀਈ) ਵੀ ਬਰਾਮਦ ਕੀਤੀ ਹੈ।
ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਪੁਸ਼ਟੀ
ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਪਿੰਡ ਘਰਿਆਲਾ, ਜ਼ਿਲ੍ਹਾ ਤਰਨਤਾਰਨ ਅਤੇ ਬਲਜੀਤ ਸਿੰਘ ਵਾਸੀ ਗੁਰੂ ਨਾਨਕਪੁਰਾ, ਅੰਮ੍ਰਿਤਸਰ ਵਜੋਂ ਹੋਈ ਹੈ। ਮੁੱਢਲੀ ਜਾਂਚ ਤੋਂ ਖੁਲਾਸਾ ਹੋਇਆ ਕਿ ਇਹ ਦੋਵੇਂ ਵਿਅਕਤੀ ਵਰਚੁਅਲ ਨੰਬਰਾਂ ਰਾਹੀਂ ਪਾਕਿਸਤਾਨ ਅਧਾਰਤ ਤਸਕਰਾਂ ਨਾਲ ਲਗਾਤਾਰ ਸੰਪਰਕ ਵਿੱਚ ਸਨ।
ਉਨ੍ਹਾਂ ਨੇ ਕਿਹਾ ਕਿ ਦੋਸ਼ੀ ਅਕਸਰ ਸ਼ੱਕ ਤੋਂ ਬਚਣ ਲਈ ਧਾਰਮਿਕ ਸਥਾਨਾਂ ਦੇ ਨੇੜੇ ਨਸ਼ੇ ਦੀਆਂ ਖੇਪਾਂ ਦੀ ਡਿਲੀਵਰੀ ਕਰਦੇ ਸਨ। ਡੀਜੀਪੀ ਨੇ ਕਿਹਾ ਕਿ ਪੂਰੇ ਨੈੱਟਵਰਕ ਦੀ ਕੜੀ ਦਰ ਕੜੀ ਜਾਂਚ ਜਾਰੀ ਹੈ।
ਦਾਣਾ ਮੰਡੀ ਨੇੜੇ ਪਹਿਲਾ ਮਾਮਲਾ, 2 ਕਿਲੋ ਤੋਂ ਵੱਧ ਆਈਸੀਈ ਬਰਾਮਦ
ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਹਿਲੀ ਕਾਰਵਾਈ ਦੌਰਾਨ ਪੁਲਿਸ ਨੇ ਦਾਣਾ ਮੰਡੀ ਨੇੜੇ ਨਾਕਾ ਲਗਾ ਕੇ ਗੁਰਸੇਵਕ ਸਿੰਘ ਉਰਫ ਸੇਵਕ ਨੂੰ 40 ਗ੍ਰਾਮ ਮੈਥੈਂਫੇਟਾਮਾਈਨ ਸਮੇਤ ਗ੍ਰਿਫ਼ਤਾਰ ਕੀਤਾ।
ਦੋਸ਼ੀ ਦੀ ਪੁੱਛਗਿੱਛ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਇੱਕ ਹੋਰ ਥਾਂ ’ਤੇ ਛਾਪਾਮਾਰੀ ਕਰਕੇ 1.96 ਕਿਲੋਗ੍ਰਾਮ ਆਈਸੀਈ ਡਰੱਗ ਬਰਾਮਦ ਕੀਤੀ ਗਈ।
ਸੀਪੀ ਨੇ ਦੱਸਿਆ ਕਿ ਗੁਰਸੇਵਕ ਸਿੰਘ ਸਰਹੱਦੀ ਖੇਤਰ ਦਾ ਵਸਨੀਕ ਹੈ ਅਤੇ ਉਹ ਵਰਚੁਅਲ ਐਪਾਂ ਰਾਹੀਂ ਪਾਕਿਸਤਾਨੀ ਹੈਂਡਲਰ ਤੋਂ ਹੁਕਮ ਪ੍ਰਾਪਤ ਕਰਦਾ ਸੀ।
ਦੂਜੀ ਕਾਰਵਾਈ ’ਚ ਬਲਜੀਤ ਸਿੰਘ ਗ੍ਰਿਫ਼ਤਾਰ, 800 ਗ੍ਰਾਮ ਨਸ਼ਾ ਬਰਾਮਦ
ਦੂਜੇ ਆਪਰੇਸ਼ਨ ਵਿੱਚ ਪੁਲਿਸ ਨੇ ਵਿਸ਼ਵਾਸਯੋਗ ਸੂਹ ’ਤੇ ਅੰਮ੍ਰਿਤਸਰ ਦੇ ਰਿਆਨ ਇੰਟਰਨੈਸ਼ਨਲ ਸਕੂਲ ਨੇੜੇ ਬਾਈਪਾਸ ’ਤੇ ਨਾਕਾ ਲਗਾ ਕੇ ਬਲਜੀਤ ਸਿੰਘ ਨੂੰ 45 ਗ੍ਰਾਮ ਆਈਸੀਈ ਸਮੇਤ ਕਾਬੂ ਕੀਤਾ।
ਦੋਸ਼ੀ ਦੇ ਖੁਲਾਸੇ ’ਤੇ ਹੋਰ ਛਾਪੇ ਮਾਰੇ ਗਏ ਜਿੱਥੋਂ 770 ਗ੍ਰਾਮ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ।
ਜਾਂਚ ਪਾਕਿਸਤਾਨੀ ਹੈਂਡਲਰਾਂ ਤੱਕ ਵਧਾਈ ਗਈ
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹੁਣ ਜਾਂਚ ਇਸ ਗੱਲ ਤੇ ਕੇਂਦਰਿਤ ਹੈ ਕਿ ਇਹ ਡਰੱਗ ਸਪਲਾਈ ਚੇਨ ਕਿਵੇਂ ਚੱਲਦੀ ਹੈ ਅਤੇ ਪਾਕਿਸਤਾਨ ਤੋਂ ਪੰਜਾਬ ਤੱਕ ਖੇਪਾਂ ਕਿਹੜੇ ਰੂਟ ਰਾਹੀਂ ਆਉਂਦੀਆਂ ਹਨ।
ਦੋਵੇਂ ਮਾਮਲਿਆਂ ਵਿੱਚ ਵੱਖ-ਵੱਖ ਥਾਣਿਆਂ ਵਿੱਚ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਏ ਗਏ ਹਨ।

