ਚੰਡੀਗੜ੍ਹ :- ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਪੀਸੀਐਸ ਅਧਿਕਾਰੀ ਚਾਰੂਮਿਤਾ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸੰਬੰਧੀ ਅਧਿਕਾਰਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਧਰਮਕੋਟ ਹਾਈਵੇ ‘ਤੇ ਜ਼ਮੀਨ ਮਾਮਲੇ ‘ਚ ਉੱਠੇ ਸਵਾਲ
ਧਰਮਕੋਟ ਨਜ਼ਦੀਕ ਬਹਾਦਰਵਾਲਾ ਰਾਹੀਂ ਗੁਜ਼ਰਦੇ ਨੈਸ਼ਨਲ ਹਾਈਵੇ 71 ‘ਤੇ ਜ਼ਮੀਨ ਅਕਵਾਇਰ ਕਰਨ ਦੌਰਾਨ ਭੁਗਤਾਨੀ ਸਬੰਧੀ ਗੜਬੜ ਦੀਆਂ ਸ਼ਿਕਾਇਤਾਂ ਆਉਣ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਚਾਰੂਮਿਤਾ ਦੇ ਖ਼ਿਲਾਫ਼ ਗਲਤ ਲੈਣ-ਦੇਣ ਦੇ ਸਬੂਤ ਮਿਲੇ ਸਨ।
ਕਿਸਾਨ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਉੱਭਰਿਆ
ਇਸ ਮਾਮਲੇ ਵਿੱਚ ਕਿਸਾਨ ਜਸਵਿੰਦਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਸਦੀ ਜ਼ਮੀਨ ਦੀ ਕੀਮਤ ਅਦਾਇਗੀ ਨਾ ਹੋਣ ਕਾਰਨ ਉਸਨੂੰ ਅਦਾਲਤ ਦਾ ਰੁਖ ਕਰਨਾ ਪਿਆ। ਉਸਦੀ ਸ਼ਿਕਾਇਤ ਤੋਂ ਬਾਅਦ ਰੈਵਨਿਊ ਵਿਭਾਗ ਵੱਲੋਂ ਪ੍ਰਾਰੰਭਿਕ ਜਾਂਚ ਕੀਤੀ ਗਈ ਸੀ, ਜਿਸ ਵਿੱਚ ਅਧਿਕਾਰੀ ਖ਼ਿਲਾਫ਼ ਗੜਬੜ ਸਾਬਤ ਹੋਈ।
ਵਿਜੀਲੈਂਸ ਚਾਰਜਸ਼ੀਟ ਤੋਂ ਬਾਅਦ ਸਰਕਾਰੀ ਕਾਰਵਾਈ
ਵਿਜੀਲੈਂਸ ਵਿਭਾਗ ਵੱਲੋਂ ਤਿਆਰ ਕੀਤੀ ਚਾਰਜਸ਼ੀਟ ਰਿਪੋਰਟ ਮੁੱਖ ਸਕੱਤਰ ਨੂੰ ਭੇਜੀ ਗਈ ਸੀ, ਜਿਸ ਤੋਂ ਬਾਅਦ ਚਾਰੂਮਿਤਾ ਦੀ ਮੁਅੱਤਲੀ ਦਾ ਹੁਕਮ ਜਾਰੀ ਕੀਤਾ ਗਿਆ। ਹੁਕਮਾਂ ਵਿੱਚ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮ, 1970 ਦਾ ਹਵਾਲਾ ਦਿੱਤਾ ਗਿਆ ਹੈ।

ਮੁਅੱਤਲੀ ਦੌਰਾਨ ਚੰਡੀਗੜ੍ਹ ਰਹਿਣ ਦੇ ਹੁਕਮ
ਮੁੱਖ ਸਕੱਤਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਚਾਰੂਮਿਤਾ ਦਾ ਮੁੱਖ ਦਫ਼ਤਰ ਮੁਅੱਤਲੀ ਸਮੇਂ ਦੌਰਾਨ ਚੰਡੀਗੜ੍ਹ ਰਹੇਗਾ। ਉਸਨੂੰ ਸਬੰਧਤ ਅਥਾਰਟੀ ਦੀ ਇਜਾਜ਼ਤ ਤੋਂ ਬਿਨਾਂ ਰਾਜ ਤੋਂ ਬਾਹਰ ਜਾਣ ‘ਤੇ ਪਾਬੰਦੀ ਲਗਾਈ ਗਈ ਹੈ।

