ਚੰਡੀਗੜ੍ਹ :- ਭਾਰਤ ਦੀ ਮਹਿਲਾ ਕ੍ਰਿਕਟ ਟੀਮ ਵੱਲੋਂ ICC ਮਹਿਲਾ ਵਰਲਡ ਕੱਪ ਜਿੱਤ ਕੇ ਇਤਿਹਾਸ ਰਚਣ ਤੋਂ ਬਾਅਦ ਟੀਮ ਦੀਆਂ ਦੋ ਸ਼ਾਨਦਾਰ ਖਿਡਾਰਨਾਵਾਂ, ਅਮਨਜੋਤ ਕੌਰ ਅਤੇ ਹਰਲੀਨ ਦਿਓਲ, ਅੱਜ ਸ਼ੁੱਕਰਵਾਰ ਨੂੰ ਦਿੱਲੀ ਤੋਂ ਚੰਡੀਗੜ੍ਹ ਪਹੁੰਚੀਆਂ। ਦੋਵਾਂ ਖਿਡਾਰਨਾਂ ਦਾ ਸਵਾਗਤ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਕੀਤਾ ਗਿਆ।
ਪੰਜਾਬ ਸਰਕਾਰ ਵੱਲੋਂ ਮੋਹਾਲੀ ਹਵਾਈ ਅੱਡੇ ‘ਤੇ ਸ਼ਾਨਦਾਰ ਵੈਲਕਮ
ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ‘ਤੇ ਦੋਵਾਂ ਚੈਂਪੀਅਨ ਖਿਡਾਰਨਾਂ ਦੇ ਸਨਮਾਨ ਵਿੱਚ ਸ਼ਾਨਦਾਰ ਪ੍ਰੋਗਰਾਮ ਰੱਖਿਆ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਖੁਦ ਉਨ੍ਹਾਂ ਦਾ ਸਵਾਗਤ ਕਰਨ ਲਈ ਪਹੁੰਚੇ। ਇਸ ਮੌਕੇ ਮੋਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੀ ਮੌਜੂਦ ਸਨ।
ਫੁੱਲਾਂ ਦੇ ਹਾਰ ਤੇ ਨਾਲ਼ਾਂ ਨਾਲ ਕੀਤਾ ਸਨਮਾਨ
ਹਵਾਈ ਅੱਡੇ ‘ਤੇ ਪਹੁੰਚਦਿਆਂ ਹੀ ਦੋਵੇਂ ਖਿਡਾਰਨਾਂ ਦਾ ਜੋਸ਼ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਹੋਈ ਤੇ ਸਥਾਨਕ ਖਿਡਾਰੀ ਤੇ ਪ੍ਰਸ਼ੰਸਕ “ਭਾਰਤ ਮਾਤਾ ਕੀ ਜੈ” ਦੇ ਨਾਲ਼ੇ ਲਗਾਉਂਦੇ ਨਜ਼ਰ ਆਏ। ਦੋਵੇਂ ਮਹਿਲਾ ਕ੍ਰਿਕਟਰਾਂ ਨੇ ਲੋਕਾਂ ਦਾ ਪਿਆਰ ਤੇ ਸਮਰਥਨ ਲਈ ਧੰਨਵਾਦ ਕੀਤਾ।
‘ਮੋਡੀਫਾਈਡ’ ਟਰੈਕਟਰ ‘ਤੇ ਵਿਸ਼ੇਸ਼ ਕਾਫ਼ਲਾ
ਸਵਾਗਤ ਤੋਂ ਬਾਅਦ ਖਿਡਾਰਨਾਂ ਨੂੰ ਇੱਕ ਵਿਸ਼ੇਸ਼ ਤਰੀਕੇ ਨਾਲ ਸਜਾਏ ਗਏ ‘ਮੋਡੀਫਾਈਡ’ ਟਰੈਕਟਰ ਰਾਹੀਂ ਸ਼ਹਿਰ ਵਿੱਚ ਲਿਆਂਦਾ ਗਿਆ। ਇਸ ਕਾਫ਼ਲੇ ਨਾਲ ਉਨ੍ਹਾਂ ਦੇ ਪਰਿਵਾਰ, ਦੋਸਤ ਅਤੇ ਕਈ ਪ੍ਰਸ਼ੰਸਕ ਵੀ ਸ਼ਾਮਲ ਸਨ। ਗੱਡੀਆਂ ‘ਤੇ ਖਿਡਾਰਨਾਂ ਦੇ ਨਾਮਾਂ ਤੇ ਉਨ੍ਹਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਲਗੇ ਹੋਏ ਸਨ, ਜਿਸ ਨਾਲ ਮੋਹਾਲੀ ਦੀਆਂ ਸੜਕਾਂ ਤਿਉਹਾਰ ਵਰਗਾ ਦ੍ਰਿਸ਼ ਦਿਖਾ ਰਹੀਆਂ ਸਨ।
ਪੰਜਾਬ ਲਈ ਮਾਣ ਦਾ ਪਲ
ਅਮਨਜੋਤ ਕੌਰ ਤੇ ਹਰਲੀਨ ਦਿਓਲ ਨੇ ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਮਾਣ ਵਧਾਇਆ। ਪੰਜਾਬ ਸਰਕਾਰ ਵੱਲੋਂ ਦੋਵਾਂ ਖਿਡਾਰਨਾਂ ਨੂੰ ਜਲਦੀ ਹੀ ਵਿਸ਼ੇਸ਼ ਸਨਮਾਨ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਉਨ੍ਹਾਂ ਦੀ ਇਹ ਕਾਮਯਾਬੀ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਣਾ ਬਣੀ ਹੈ।

