ਚੰਡੀਗੜ੍ਹ :- ਉੱਤਰ ਰੇਲਵੇ ਨੇ ਪੰਜਾਬ ਵਾਸੀਆਂ ਲਈ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਫਿਰੋਜ਼ਪੁਰ ਕੈਂਟ ਅਤੇ ਦਿੱਲੀ ਜੰਕਸ਼ਨ ਵਿਚਾਲੇ ਨਵੀਂ ਵੰਦੇ ਭਾਰਤ ਐਕਸਪ੍ਰੈਸ ਸੇਵਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਨਾਲ ਪੰਜਾਬ ਤੋਂ ਰਾਸ਼ਟਰੀ ਰਾਜਧਾਨੀ ਤੱਕ ਦੀ ਯਾਤਰਾ ਹੋਰ ਤੇਜ਼ ਅਤੇ ਸੁਵਿਧਾਜਨਕ ਬਣੇਗੀ।
ਕੱਲ੍ਹ ਹੋਵੇਗਾ ਉਦਘਾਟਨ, ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ੁਰੂਆਤ
ਇਹ ਸੈਮੀ-ਹਾਈ-ਸਪੀਡ ਟਰੇਨ (ਟ੍ਰੇਨ ਨੰਬਰ 02462/26462) ਦਾ ਉਦਘਾਟਨ ਕੱਲ੍ਹ, 8 ਨਵੰਬਰ 2025 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਚੁਅਲ ਤੌਰ ‘ਤੇ ਕੀਤਾ ਜਾਵੇਗਾ। ਉਦਘਾਟਨ ਮੌਕੇ ਇਹ ਟਰੇਨ ਵਿਸ਼ੇਸ਼ ਯਾਤਰਾ ਵਜੋਂ ਫਿਰੋਜ਼ਪੁਰ ਤੋਂ ਦਿੱਲੀ ਤੱਕ ਦੌੜੇਗੀ।
ਉਦਘਾਟਨੀ ਯਾਤਰਾ ਦਾ ਰੂਟ ਅਤੇ ਸਮਾਂ-ਸੂਚੀ
ਇਹ ਟਰੇਨ ਕੱਲ੍ਹ ਸਵੇਰੇ 08:05 ਵਜੇ ਫਿਰੋਜ਼ਪੁਰ ਕੈਂਟ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 03:05 ਵਜੇ ਦਿੱਲੀ ਜੰਕਸ਼ਨ ਪਹੁੰਚੇਗੀ। ਰਾਹ ਵਿੱਚ ਇਹ ਹੇਠਾਂ ਦਿੱਤੇ ਸਟੇਸ਼ਨਾਂ ‘ਤੇ ਠਹਿਰੇਗੀ –
-
ਫਰੀਦਕੋਟ – ਆਮਦ 08:43 ਵਜੇ, ਰਵਾਨਗੀ 08:45 ਵਜੇ
-
ਬਠਿੰਡਾ – ਆਮਦ 09:30 ਵਜੇ, ਰਵਾਨਗੀ 09:35 ਵਜੇ
-
ਧੂਰੀ – ਆਮਦ 10:43 ਵਜੇ, ਰਵਾਨਗੀ 10:45 ਵਜੇ
-
ਪਟਿਆਲਾ – ਆਮਦ 11:25 ਵਜੇ, ਰਵਾਨਗੀ 11:27 ਵਜੇ
-
ਅੰਬਾਲਾ ਕੈਂਟ – ਆਮਦ 12:18 ਵਜੇ, ਰਵਾਨਗੀ 12:20 ਵਜੇ
-
ਕੁਰੂਕਸ਼ੇਤਰ – ਆਮਦ 12:48 ਵਜੇ, ਰਵਾਨਗੀ 12:50 ਵਜੇ
-
ਪਾਣੀਪਤ – ਆਮਦ 01:25 ਵਜੇ, ਰਵਾਨਗੀ 01:27 ਵਜੇ
-
ਦਿੱਲੀ ਜੰਕਸ਼ਨ – ਆਮਦ 03:05 ਵਜੇ
ਵਿਦਿਆਰਥੀਆਂ ਤੇ ਵਪਾਰੀਆਂ ਲਈ ਸੁਖਦਾਈ ਸਫ਼ਰ
ਰੇਲਵੇ ਅਧਿਕਾਰੀਆਂ ਮੁਤਾਬਕ, ਇਸ ਨਵੀਂ ਸੇਵਾ ਨਾਲ ਪੰਜਾਬ ਦੇ ਵਿਦਿਆਰਥੀਆਂ, ਵਪਾਰੀਆਂ, ਪੇਸ਼ੇਵਰਾਂ ਅਤੇ ਸੈਲਾਨੀਆਂ ਨੂੰ ਵੱਡਾ ਲਾਭ ਮਿਲੇਗਾ। ਇਹ ਟਰੇਨ ਤੇਜ਼ ਗਤੀ, ਆਧੁਨਿਕ ਸੁਵਿਧਾਵਾਂ ਅਤੇ ਆਰਾਮਦਾਇਕ ਯਾਤਰਾ ਦਾ ਅਨੁਭਵ ਪ੍ਰਦਾਨ ਕਰੇਗੀ।
ਜਲਦ ਜਾਰੀ ਹੋਵੇਗਾ ਨਿਯਮਤ ਸ਼ਡਿਊਲ ਤੇ ਟਿਕਟਾਂ ਦੀ ਜਾਣਕਾਰੀ
ਉੱਤਰ ਰੇਲਵੇ ਨੇ ਦੱਸਿਆ ਹੈ ਕਿ ਇਸ ਵੰਦੇ ਭਾਰਤ ਐਕਸਪ੍ਰੈਸ ਦੀ ਨਿਯਮਤ ਸੇਵਾ ਦਾ ਸ਼ਡਿਊਲ ਅਤੇ ਟਿਕਟਾਂ ਸੰਬੰਧੀ ਵੇਰਵੇ ਜਲਦ ਹੀ ਜਨਤਕ ਕੀਤੇ ਜਾਣਗੇ। ਲੋਕਾਂ ਵਿੱਚ ਇਸ ਟਰੇਨ ਨੂੰ ਲੈ ਕੇ ਖ਼ਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਪੰਜਾਬ ਦੇ ਕਈ ਸ਼ਹਿਰਾਂ ਨੂੰ ਸਿੱਧੀ ਤੇਜ਼ ਕਨੈਕਟੀਵਿਟੀ ਮਿਲੇਗੀ।

