ਰਾਜਸਥਾਨ :- ਰੂਸ ਦੇ ਉਫ਼ਾ ਸ਼ਹਿਰ ਵਿੱਚ ਪਿਛਲੇ 19 ਦਿਨਾਂ ਤੋਂ ਲਾਪਤਾ ਚੱਲ ਰਹੇ 22 ਸਾਲਾ ਭਾਰਤੀ ਵਿਦਿਆਰਥੀ ਅਜੀਤ ਸਿੰਘ ਚੌਧਰੀ ਦੀ ਲਾਸ਼ ਵੀਰਵਾਰ ਨੂੰ ਇੱਕ ਡੈਮ ਵਿੱਚੋਂ ਬਰਾਮਦ ਹੋਈ। ਮ੍ਰਿਤਕ ਵਿਦਿਆਰਥੀ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਖੇਤਰ ਦੇ ਕਫ਼ਨਵਾੜਾ ਪਿੰਡ ਦਾ ਰਹਿਣ ਵਾਲਾ ਸੀ। ਉਹ 2023 ਵਿੱਚ ਡਾਕਟਰੀ ਦੀ ਪੜ੍ਹਾਈ ਲਈ ਰੂਸ ਗਿਆ ਸੀ ਅਤੇ ਬਸ਼ਕੀਰ ਸਟੇਟ ਮੈਡੀਕਲ ਯੂਨੀਵਰਸਿਟੀ ਵਿੱਚ ਐਮਬੀਬੀਐਸ ਦਾ ਵਿਦਿਆਰਥੀ ਸੀ।
ਦੁੱਧ ਖਰੀਦਣ ਗਇਆ ਤੇ ਫਿਰ ਨਹੀਂ ਆਇਆ
ਜਾਣਕਾਰੀ ਮੁਤਾਬਕ, 19 ਅਕਤੂਬਰ ਨੂੰ ਅਜੀਤ ਸਵੇਰੇ ਲਗਭਗ 11 ਵਜੇ ਆਪਣੇ ਹੋਸਟਲ ਤੋਂ ਇਹ ਕਹਿ ਕੇ ਨਿਕਲਿਆ ਕਿ ਉਹ ਦੁੱਧ ਲੈਣ ਜਾ ਰਿਹਾ ਹੈ। ਪਰ ਉਸ ਤੋਂ ਬਾਅਦ ਉਹ ਕਦੇ ਵਾਪਸ ਨਹੀਂ ਪਰਤਿਆ। ਬਾਅਦ ਵਿੱਚ ਉਸਦੇ ਕੱਪੜੇ, ਜੁੱਤੇ ਅਤੇ ਮੋਬਾਈਲ ਨਦੀ ਦੇ ਕੰਢੇ ਤੋਂ ਮਿਲੇ ਸਨ, ਜਿਸ ਤੋਂ ਬਾਅਦ ਪਰਿਵਾਰ ਅਤੇ ਦੋਸਤਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਸੀ।
ਵਾਈਟ ਨਦੀ ਨਾਲ ਲੱਗਦੇ ਡੈਮ ਤੋਂ ਮਿਲੀ ਲਾਸ਼
ਵੀਰਵਾਰ ਨੂੰ ਉਫ਼ਾ ਦੀ ਵਾਈਟ ਨਦੀ ਨਾਲ ਲੱਗਦੇ ਇੱਕ ਡੈਮ ਵਿੱਚੋਂ ਉਸਦੀ ਲਾਸ਼ ਬਰਾਮਦ ਹੋਈ। ਅਲਵਰ ਸਰਸ ਡੇਅਰੀ ਦੇ ਪ੍ਰਧਾਨ ਨਿਤਿਨ ਸਾਂਗਵਾਨ ਨੇ ਇਸਦੀ ਪੁਸ਼ਟੀ ਕੀਤੀ ਹੈ। ਰੂਸ ਵਿੱਚ ਸਥਿਤ ਭਾਰਤੀ ਦੂਤਾਵਾਸ ਨੇ ਹਾਲਾਂਕਿ ਅਜੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਜਾਰੀ ਕੀਤਾ, ਪਰ ਪਰਿਵਾਰ ਨੂੰ ਅਜੀਤ ਦੀ ਮੌਤ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਪਰਿਵਾਰ ਤੇ ਪਿੰਡ ਵਿਚ ਛਾਇਆ ਸੋਗ
ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਨੇਤਾ ਜਤਿੰਦਰ ਸਿੰਘ ਅਲਵਰ ਨੇ ਕਿਹਾ ਕਿ ਇਹ ਘਟਨਾ ਪੂਰੇ ਅਲਵਰ ਜ਼ਿਲ੍ਹੇ ਲਈ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਅਜੀਤ ਨੂੰ ਉਸਦੇ ਪਰਿਵਾਰ ਨੇ ਮਿਹਨਤ ਨਾਲ ਇਕੱਠੇ ਕੀਤੇ ਪੈਸਿਆਂ ਨਾਲ ਰੂਸ ਭੇਜਿਆ ਸੀ ਤਾਂ ਜੋ ਉਹ ਡਾਕਟਰ ਬਣ ਕੇ ਵਾਪਸ ਆ ਸਕੇ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਕਿਹਾ, “ਸ਼ੱਕੀ ਹਾਲਾਤਾਂ ਵਿੱਚ ਇੱਕ ਹੋਣਹਾਰ ਪੁੱਤਰ ਦੀ ਜ਼ਿੰਦਗੀ ਖ਼ਤਮ ਹੋ ਗਈ — ਇਹ ਸਿਰਫ਼ ਇੱਕ ਪਰਿਵਾਰ ਨਹੀਂ, ਸਗੋਂ ਪੂਰੇ ਇਲਾਕੇ ਲਈ ਵੱਡਾ ਘਾਟਾ ਹੈ।”
ਵਿਦੇਸ਼ ਮੰਤਰਾਲੇ ਨਾਲ ਸੰਪਰਕ ‘ਚ ਆਈ ਵਿਦਿਆਰਥੀ ਐਸੋਸੀਏਸ਼ਨ
ਇਸ ਮਾਮਲੇ ਸਬੰਧੀ ਆਲ ਇੰਡੀਆ ਮੈਡੀਕਲ ਸਟੂਡੈਂਟਸ ਐਸੋਸੀਏਸ਼ਨ (ਵਿਦੇਸ਼ੀ ਵਿੰਗ) ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਸੰਪਰਕ ਕੀਤਾ ਹੈ ਅਤੇ ਪੂਰੀ ਜਾਂਚ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਜੀਤ ਦੇ ਸਾਥੀਆਂ ਨੇ, ਜੋ ਉਸੇ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ, ਮੌਤ ਦੀ ਪੁਸ਼ਟੀ ਕੀਤੀ ਹੈ।
ਰੂਸ ਦੇ ਸਥਾਨਕ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਅਜੀਤ ਦੇ ਪਰਿਵਾਰ ਵੱਲੋਂ ਉਸਦੀ ਮੌਤ ਦੀਆਂ ਸ਼ੱਕੀ ਹਾਲਾਤਾਂ ‘ਤੇ ਸਵਾਲ ਉਠਾਏ ਜਾ ਰਹੇ ਹਨ।

