ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਮਾਮਲੇ ‘ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਮਹੱਤਵਪੂਰਨ ਸੁਣਵਾਈ ਹੋਈ। ਮਜੀਠੀਆ ਦੀ ਜ਼ਮਾਨਤ ਉੱਤੇ ਹੁਣ ਕੱਲ੍ਹ ਫੈਸਲਾ ਆਉਣ ਦੀ ਸੰਭਾਵਨਾ ਹੈ, ਕਿਉਂਕਿ ਅਦਾਲਤ ਨੇ ਇਸ ਮਾਮਲੇ ਉੱਤੇ ਸੁਣਵਾਈ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।
ਹਾਈਕੋਰਟ ਵਿਚ ਗਰਮਾ-ਗਰਮ ਬਹਿਸ, ਸਰਕਾਰ ਨੇ ਸਮਾਂ ਮੰਗਿਆ
ਅੱਜ ਦੀ ਸੁਣਵਾਈ ਦੌਰਾਨ ਅਦਾਲਤ ਦਾ ਮਾਹੌਲ ਕਾਫੀ ਤਪਿਆ ਹੋਇਆ ਰਿਹਾ। ਪੰਜਾਬ ਸਰਕਾਰ ਦੀ ਪੱਖੋਂ ਐਡਵੋਕੇਟ ਜਨਰਲ (ਏ.ਜੀ.) ਨੇ ਦੋ ਦਿਨਾਂ ਦਾ ਸਮਾਂ ਮੰਗਿਆ, ਪਰ ਅਦਾਲਤ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸੁਣਵਾਈ ਅੱਜ ਹੀ ਹੋਵੇਗੀ ਅਤੇ ਕੋਈ ਹੋਰ ਦੇਰੀ ਨਹੀਂ ਕੀਤੀ ਜਾਵੇਗੀ।
ਮਜੀਠੀਆ ਪੱਖ ਦੀ ਦਲੀਲ: ਸਰਕਾਰ ਬਿਨਾਂ ਜ਼ਰੂਰਤ ਦੇ ਦੇਰੀ ਕਰ ਰਹੀ ਹੈ
ਮਜੀਠੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਜਦੋਂ ਚਾਰਜਸ਼ੀਟ ਪਹਿਲਾਂ ਹੀ ਦਾਇਰ ਹੋ ਚੁੱਕੀ ਹੈ, ਤਾਂ ਸਰਕਾਰ ਹੁਣ ਜ਼ਮਾਨਤ ਦਾ ਵਿਰੋਧ ਕਿਉਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਇਸ ਮਾਮਲੇ ਨਾਲ ਜੁੜੀਆਂ ਕੁਝ ਕੰਪਨੀਆਂ ਵਿਰੁੱਧ ਐਨਡੀਪੀਐਸ ਜਾਂਚ ਰਿਪੋਰਟ ਨੂੰ ਰੱਦ ਕੀਤਾ ਸੀ। ਇਸ ਲਈ ਹੁਣ ਮਜੀਠੀਆ ਨੂੰ ਜੇਲ੍ਹ ਵਿੱਚ ਰੱਖਣ ਦਾ ਕੋਈ ਤਰਕ ਨਹੀਂ ਬਣਦਾ।
ਸਰਕਾਰ ਦਾ ਤਰਕ: ਜਾਂਚ ਅਜੇ ਵੀ ਚੱਲ ਰਹੀ ਹੈ
ਦੂਜੇ ਪਾਸੇ, ਸਰਕਾਰ ਵੱਲੋਂ ਦਲੀਲ ਦਿੱਤੀ ਗਈ ਕਿ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ। ਇਸ ‘ਤੇ ਮਜੀਠੀਆ ਦੇ ਵਕੀਲ ਨੇ ਸਵਾਲ ਉਠਾਇਆ ਕਿ ਜੇ ਜਾਂਚ ਚੱਲ ਰਹੀ ਹੈ ਤਾਂ ਚਾਰਜਸ਼ੀਟ ਦਾਇਰ ਕਰਨ ਦੀ ਜਲਦਬਾਜ਼ੀ ਕਿਉਂ ਕੀਤੀ ਗਈ ਸੀ? ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਸਿਰਫ਼ ਸਮਾਂ ਮੰਗ ਕੇ ਜ਼ਮਾਨਤ ਪ੍ਰਕਿਰਿਆ ਵਿੱਚ ਦੇਰੀ ਪੈਦਾ ਕਰ ਰਹੀ ਹੈ।

