ਫਰੀਦਕੋਟ :- ਫਰੀਦਕੋਟ ਦੀ ਰਾਜਨੀਤੀ ਵਿੱਚ ਅੱਜਕੱਲ੍ਹ ਸਭ ਤੋਂ ਵੱਧ ਚਰਚਾ ਕੌਂਸਲਰ ਵਿਜੈ ਕੁਮਾਰ ਛਾਬੜਾ ਦੇ ਬਦਲਦੇ ਫੈਸਲੇ ਦੀ ਹੋ ਰਹੀ ਹੈ। ਕੱਲ੍ਹ ਤੱਕ ਜਿਹੜੇ ਆਮ ਆਦਮੀ ਪਾਰਟੀ ਨਾਲ ਖੁੱਲ੍ਹੇਆਮ ਨਾਰਾਜ਼ ਹੋਏ ਤੇ ਅਸਤੀਫਾ ਦੇਣ ਦਾ ਐਲਾਨ ਕਰ ਗਏ ਸਨ, ਅੱਜ ਉਹੀ ਮੁੜ ਪਾਰਟੀ ਦੀ ਛਤਰਛਾਂਹ ਹੇਠ ਆ ਗਏ।
ਥਾਣਾ ਮੁਖੀ ਨਾਲ ਤਕਰਾਰ ਤੋਂ ਬਾਅਦ ਧਰਨਾ
ਵਿਜੈ ਛਾਬੜਾ ਨੇ ਕੋਤਵਾਲੀ ਦੇ ਬਾਹਰ ਧਰਨਾ ਲਗਾਇਆ ਸੀ, ਦੋਸ਼ ਲਗਾਇਆ ਕਿ ਥਾਣਾ ਮੁਖੀ ਸੰਜੀਵ ਕੁਮਾਰ ਵੱਲੋਂ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਗਿਆ। ਇਸ ਧਰਨੇ ਵਿੱਚ ਹਰ ਪਾਰਟੀ ਦੇ ਆਗੂ ਤੇ ਨਗਰ ਵਾਸੀ ਉਨ੍ਹਾਂ ਦੇ ਹੱਕ ਵਿੱਚ ਇਕੱਠੇ ਹੋਏ, ਪਰ ਉਨ੍ਹਾਂ ਦੀ ਆਪਣੀ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਮੌਜੂਦ ਨਹੀਂ ਸੀ। ਇਹ ਗੱਲ ਛਾਬੜਾ ਨੂੰ ਗਹਿਰਾਈ ਨਾਲ ਚੁਭ ਗਈ।
ਨਾਰਾਜ਼ਗੀ ’ਚ ਛੱਡੀ ਪਾਰਟੀ, ਪਰ…
ਧਰਨੇ ਦੌਰਾਨ ਹੀ ਵਿਜੈ ਛਾਬੜਾ ਨੇ ਗੁੱਸੇ ਵਿੱਚ ਆ ਕੇ ਸਾਰੇ ਪਾਰਟੀ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਕਿਹਾ ਕਿ ਜਦ ਆਪਣੀ ਹੀ ਪਾਰਟੀ ਨਾਲੇ ਨਹੀਂ ਖੜ੍ਹਦੀ, ਤਦੋ ਅਜਿਹੀ ਪਾਰਟੀ ਵਿੱਚ ਰਹਿਣ ਦਾ ਕੀ ਮਤਲਬ। ਪਰ ਰਾਤ ਹੋਈ ਤਾਂ ਹਾਲਾਤ ਬਦਲੇ।
ਵਿਧਾਇਕ ਦੀ ਹਸਤਖੇਪ ਨਾਲ ਥਾਣਾ ਮੁਖੀ ਸਸਪੈਂਡ
ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਥਾਣਾ ਮੁਖੀ ਨੂੰ ਸਸਪੈਂਡ ਕਰਵਾ ਲਾਈਨ ਹਾਜ਼ਰ ਕਰ ਦਿੱਤਾ। ਇਹ ਕਾਰਵਾਈ ਛਾਬੜਾ ਲਈ ਰਾਹਤ ਦਾ ਕਾਰਨ ਬਣੀ ਤੇ ਉਨ੍ਹਾਂ ਨੇ ਆਪਣੀ ਨਾਰਾਜ਼ਗੀ ਖਤਮ ਕਰਨ ਦਾ ਐਲਾਨ ਕਰ ਦਿੱਤਾ।
ਪ੍ਰੈਸ ਵਾਰਤਾ ਵਿੱਚ ਕੀਤਾ ਮੁੜ ਵਾਪਸੀ ਦਾ ਐਲਾਨ
ਅੱਜ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਬੁਲਾਈ ਗਈ ਪ੍ਰੈਸ ਵਾਰਤਾ ਦੌਰਾਨ ਵਿਜੈ ਛਾਬੜਾ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਨਿਆਂ ਲੈਣਾ ਸੀ, ਨਾ ਕਿ ਪਾਰਟੀ ਛੱਡਣਾ। ਹੁਣ ਜਦ ਵਿਧਾਇਕ ਸਾਹਿਬ ਨੇ ਨਿਆਂ ਦਿਵਾਇਆ ਹੈ, ਉਹ ਮੁੜ ਪਾਰਟੀ ਦੇ ਹਿੱਸੇ ਵਜੋਂ ਲੋਕਾਂ ਦੀ ਸੇਵਾ ਜਾਰੀ ਰੱਖਣਗੇ।
ਵਿਧਾਇਕ ਦਾ ਸਖ਼ਤ ਸੰਦੇਸ਼
ਗੁਰਦਿੱਤ ਸਿੰਘ ਸੇਖੋਂ ਨੇ ਚੇਤਾਵਨੀ ਦਿੱਤੀ ਕਿ ਪਾਰਟੀ ਆਪਣੇ ਹਰ ਵਰਕਰ ਨਾਲ ਖੜ੍ਹੀ ਹੈ ਤੇ ਕਿਸੇ ਵੀ ਅਧਿਕਾਰੀ ਵੱਲੋਂ ਪਾਰਟੀ ਮੈਂਬਰਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਹਾ ਕਿ ਸਰਕਾਰੀ ਅਫ਼ਸਰਾਂ ਨੂੰ ਇਹ ਸਾਫ਼ ਸੁਨੇਹਾ ਹੈ ਕਿ ਜਿਹੜੇ ਵੀ ਲੋਕ ਜਾਇਜ਼ ਕੰਮ ਲਈ ਸਰਕਾਰੀ ਦਫਤਰਾਂ ’ਚ ਜਾਂਦੇ ਹਨ, ਉਨ੍ਹਾਂ ਨਾਲ ਇੱਜ਼ਤ ਨਾਲ ਪੇਸ਼ ਆਉਣਾ ਹੋਵੇਗਾ।

