ਚੰਡੀਗੜ੍ਹ :- ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਵੱਲੋਂ ਚੋਣ ਪ੍ਰਚਾਰ ਲਈ ਲਗਾਈ ਗਈ ਸਟੇਜ ਉੱਤੇ ਬੈਨਰਾਂ ‘ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੀਆਂ ਤਸਵੀਰਾਂ ਤੋਂ ਉੱਪਰ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਲਗਾਉਣੀਆਂ “ਬੱਜਰ ਗੁਨਾਹ” ਦੇ ਬਰਾਬਰ ਹਨ।
ਸੁਖਬੀਰ ਬਾਦਲ ਨੇ ਕਾਂਗਰਸ ਨੂੰ ਕਿਹਾ — ਸਿੱਖ ਪੰਥ ਤੋਂ ਤੁਰੰਤ ਮਾਫ਼ੀ ਮੰਗੋ
ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਤਾਂ ਆਪਣੇ ਪ੍ਰਧਾਨ ਰਾਜਾ ਵੜਿੰਗ ਰਾਹੀਂ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਸੀ ਅਤੇ ਹੁਣ ਉਹਨਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨ ਸਿੰਘ ਜੀ ਦਾ ਨਿਰਾਦਰ ਕਰਕੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ।
ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਪੂਰੇ ਸਿੱਖ ਜਗਤ ਵਿੱਚ ਰੋਸ ਹੈ ਅਤੇ ਕਾਂਗਰਸ ਪਾਰਟੀ ਨੂੰ ਆਪਣੇ ਇਸ ਗੁਨਾਹ ਲਈ ਸਮੁੱਚੇ ਸਿੱਖ ਪੰਥ ਤੋਂ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ।

