ਚੰਡੀਗੜ੍ਹ :- ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਰਾਜ ਪੱਧਰੀ ਜੰਗ ਦਾ ਅਸਰ ਸੂਬੇ ਭਰ ਵਿੱਚ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ 249ਵੇਂ ਦਿਨ ਬੁੱਧਵਾਰ ਨੂੰ ਪੁਲਿਸ ਨੇ ਵੱਡਾ ਧਾੜਾ ਮਾਰਿਆ।
ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 381 ਥਾਵਾਂ ‘ਤੇ ਇਕੱਠੇ ਛਾਪੇ ਪਾਏ ਗਏ, ਜਿੱਥੋਂ 97 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ, ਇਸ ਕਾਰਵਾਈ ਦੌਰਾਨ 1.3 ਕਿਲੋ ਹੈਰੋਇਨ, 900 ਗ੍ਰਾਮ ਅਫੀਮ, 28 ਕਿਲੋ ਭੁੱਕੀ, ਲਗਭਗ 15 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ ਤਿੰਨ ਲੱਖ ਪੰਜਾਹ ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
74 ਨਵੇਂ ਕੇਸ ਦਰਜ, ਹੁਣ ਤੱਕ 35 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ
ਪੁਲਿਸ ਅੰਕੜਿਆਂ ਅਨੁਸਾਰ, ਪਿਛਲੇ 249 ਦਿਨਾਂ ਦੌਰਾਨ ਰਾਜ ਭਰ ‘ਚ ਹੁਣ ਤੱਕ 35,377 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਸਿਰਫ਼ ਬੁੱਧਵਾਰ ਦੇ ਆਪ੍ਰੇਸ਼ਨ ਦੌਰਾਨ ਹੀ 74 ਨਵੇਂ ਕੇਸ ਦਰਜ ਹੋਏ ਹਨ।
69 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 120 ਤੋਂ ਵੱਧ ਟੀਮਾਂ ਅਤੇ ਹਜ਼ਾਰ ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਨੇ ਇਸ ਕਾਰਵਾਈ ਵਿਚ ਹਿੱਸਾ ਲਿਆ। ਦਿਨ ਭਰ ਚੱਲੇ ਛਾਪਿਆਂ ਦੌਰਾਨ 371 ਸ਼ੱਕੀ ਵਿਅਕਤੀਆਂ ਦੀ ਵੀ ਤਫ਼ਤੀਸ਼ ਕੀਤੀ ਗਈ।
ਸਰਕਾਰ ਦੀ ਤਿੰਨ-ਨੁਕਾਤੀ ਯੋਜਨਾ — ਇਨਫੋਰਸਮੈਂਟ, ਇਲਾਜ ਤੇ ਜਾਗਰੂਕਤਾ ਇਕੱਠੇ
ਮੁੱਖ ਮੰਤਰੀ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਮੁਹਿੰਮ ਸਿਰਫ਼ ਗ੍ਰਿਫ਼ਤਾਰੀਆਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਨਸ਼ਿਆਂ ਦੇ ਇਲਾਜ ਅਤੇ ਰੋਕਥਾਮ ਤੱਕ ਪਹੁੰਚੇਗੀ। ਇਸੇ ਤਹਿਤ ਪੁਲਿਸ ਨੇ ਅੱਜ 27 ਨਸ਼ੇ ਦੀ ਲਤ ਵਾਲੇ ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ।
ਨਸਿਆਂ ਵਿਰੁੱਧ ਚੱਲ ਰਹੇ ਇਸ ਆਪ੍ਰੇਸ਼ਨ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕੈਬਨਿਟ ਸਬ-ਕਮੇਟੀ ਬਣਾਈ ਗਈ ਹੈ, ਜੋ ਰੋਜ਼ਾਨਾ ਪੁਲਿਸ ਦੀ ਕਾਰਵਾਈ ਦੀ ਰਿਪੋਰਟ ਪ੍ਰਾਪਤ ਕਰ ਰਹੀ ਹੈ।
ਜੰਗ ਹਾਲੇ ਜਾਰੀ — ਮਾਨ ਸਰਕਾਰ ਦਾ ਸੂਬੇ ਨੂੰ ਨਸ਼ਾ-ਮੁਕਤ ਬਣਾਉਣ ਦਾ ਟਾਰਗੇਟ ਸਪੱਸ਼ਟ
ਸੂਬਾ ਸਰਕਾਰ ਦਾ ਦਾਅਵਾ ਹੈ ਕਿ ਇਹ ਲੜਾਈ ਲੰਬੀ ਜ਼ਰੂਰ ਹੈ, ਪਰ ਇਸ ਵਾਰ ਦਿਲਾਸਾ ਨਹੀਂ, ਨਤੀਜੇ ਦਿੱਤੇ ਜਾਣਗੇ। ਮਾਨ ਸਰਕਾਰ ਨੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਨਸ਼ਾ ਖ਼ਿਲਾਫ਼ ਲੜਾਈ ਸਿਰਫ਼ ਕਾਨੂੰਨੀ ਨਹੀਂ, ਸਮਾਜਕ ਜ਼ਿੰਮੇਵਾਰੀ ਵਜੋਂ ਲੜੀ ਜਾਵੇ।

