ਚੰਡੀਗੜ੍ਹ :- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੁਸ਼ਕਲਾਂ ਵਿੱਚ ਘਿਰ ਗਏ ਹਨ। ਬੁੱਧਵਾਰ ਨੂੰ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਵਿਰੁੱਧ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਬਾਰੇ ਜਾਤੀਵਾਦੀ ਟਿੱਪਣੀ ਕਰਨ ਦੇ ਦੋਸ਼ਾਂ ‘ਤੇ ਐਫਆਈਆਰ ਦਰਜ ਕੀਤੀ ਗਈ ਹੈ।
ਬੂਟਾ ਸਿੰਘ ਦੇ ਪੁੱਤਰ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ
ਇਹ ਮਾਮਲਾ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਰਾਜਾ ਵੜਿੰਗ ਨੇ ਤਰਨਤਾਰਨ ਵਿਧਾਨ ਸਭਾ ਦੀ ਉਪ-ਚੋਣ ਲਈ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਮਰਹੂਮ ਨੇਤਾ ਬਾਰੇ ਅਪਮਾਨਜਨਕ ਅਤੇ ਜਾਤੀਵਾਦੀ ਸ਼ਬਦ ਵਰਤੇ। ਇਸਨੂੰ ਬੂਟਾ ਸਿੰਘ ਦੀ ਇਜ਼ਤ ਤੇ ਦਲਿਤ ਭਾਈਚਾਰੇ ਦੀ ਭਾਵਨਾਵਾਂ ਨਾਲ ਖਿਲਵਾਰ ਕਰਾਰ ਦਿੱਤਾ ਗਿਆ ਹੈ।
ਐਸਸੀ/ਐਸਟੀ ਐਕਟ ਤਹਿਤ ਮਾਮਲਾ ਦਰਜ
ਪੁਲਿਸ ਨੇ ਵੜਿੰਗ ਵਿਰੁੱਧ 2023 ਦੀ ਭਾਰਤੀ ਨਿਆਏ ਸੰਹਿਤਾ (BNS) ਦੀਆਂ ਲਾਗੂ ਧਾਰਾਵਾਂ ਦੇ ਨਾਲ-ਨਾਲ ਐਸਸੀ ਅਤੇ ਐਸਟੀ (ਅੱਤਿਆਚਾਰ ਰੋਕਥਾਮ) ਐਕਟ, 1989 ਦੀਆਂ ਧਾਰਾਵਾਂ 3(1)(ਯੂ) ਅਤੇ 3(1)(ਵੀ) ਤਹਿਤ ਐਫਆਈਆਰ ਦਰਜ ਕੀਤੀ ਹੈ। ਇਹ ਧਾਰਾਵਾਂ ਕਿਸੇ ਵਿਅਕਤੀ ਵੱਲੋਂ ਜਾਤੀ ਆਧਾਰਿਤ ਅਪਮਾਨਜਨਕ ਟਿੱਪਣੀ ਜਾਂ ਵਿਵਹਾਰ ਕਰਨ ਲਈ ਸਖ਼ਤ ਸਜ਼ਾਵਾਂ ਦਾ ਪ੍ਰਾਵਧਾਨ ਰੱਖਦੀਆਂ ਹਨ।
ਤਰਨਤਾਰਨ ਉਪ-ਚੋਣ ਦੌਰਾਨ ਦਿੱਤੇ ਸਨ ਵਿਵਾਦਿਤ ਬਿਆਨ
ਰਾਜਾ ਵੜਿੰਗ ਨੇ ਇਹ ਬਿਆਨ 11 ਨਵੰਬਰ ਨੂੰ ਹੋਣ ਵਾਲੀ ਤਰਨਤਾਰਨ ਵਿਧਾਨ ਸਭਾ ਉਪ-ਚੋਣ ਲਈ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਹੋ ਰਹੀ ਰੈਲੀ ਦੌਰਾਨ ਦਿੱਤਾ ਸੀ। ਉਸ ਸਮੇਂ ਉਨ੍ਹਾਂ ਵੱਲੋਂ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੀ ਚਮੜੀ ਦੇ ਰੰਗ ਬਾਰੇ ਕੀਤੀ ਗਈ ਕਥਿਤ ਟਿੱਪਣੀ ਨੇ ਵਿਵਾਦ ਪੈਦਾ ਕਰ ਦਿੱਤਾ ਸੀ।
ਵਿਰੋਧੀ ਪਾਰਟੀਆਂ ਨੇ ਕਾਂਗਰਸ ਮੁਖੀ ਤੋਂ ਮੰਗੀ ਮਾਫ਼ੀ
ਇਸ ਘਟਨਾ ਤੋਂ ਬਾਅਦ ਰਾਜਨੀਤਿਕ ਮਾਹੌਲ ਗਰਮਾਇਆ ਹੋਇਆ ਹੈ। ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਵੜਿੰਗ ਦੀ ਟਿੱਪਣੀ ਨੂੰ ਦਲਿਤ ਭਾਈਚਾਰੇ ਦੀ ਬੇਇੱਜ਼ਤੀ ਦੱਸਦਿਆਂ ਉਨ੍ਹਾਂ ਤੋਂ ਖੁੱਲ੍ਹੀ ਮਾਫ਼ੀ ਦੀ ਮੰਗ ਕੀਤੀ ਹੈ। ਹਾਲਾਂਕਿ, ਰਾਜਾ ਵੜਿੰਗ ਵੱਲੋਂ ਅਜੇ ਤੱਕ ਇਸ ਮਾਮਲੇ ‘ਤੇ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
ਕਾਨੂੰਨੀ ਪੱਧਰ ‘ਤੇ ਹੋਰ ਜਾਂਚ ਜਾਰੀ
ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸ਼ਿਕਾਇਤ ਦੇ ਤੱਥਾਂ ਦੀ ਪੁਸ਼ਟੀ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਕਾਨੂੰਨੀ ਵਿਭਾਗ ਇਸ ਗੱਲ ਦੀ ਵੀ ਜਾਂਚ ਕਰੇਗਾ ਕਿ ਬਿਆਨ ਦੇਣ ਸਮੇਂ ਵੜਿੰਗ ਦੀ ਮੰਸ਼ਾ ਕੀ ਸੀ ਅਤੇ ਕੀ ਇਹ ਧਾਰਾਵਾਂ ਲਾਗੂ ਹੋਣ ਯੋਗ ਹਨ ਜਾਂ ਨਹੀਂ।

