ਅਮਰੀਕਾ :- ਅਮਰੀਕਾ ਦੇ ਕੈਂਟਕੀ ਰਾਜ ਵਿੱਚ ਮੰਗਲਵਾਰ ਸ਼ਾਮ ਇੱਕ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਦੋਂ ਪਾਰਸਲ ਡਿਲੀਵਰੀ ਕੰਪਨੀ UPS ਦਾ ਇੱਕ ਵੱਡਾ ਮਾਲਵਾਹਕ ਜਹਾਜ਼ (Cargo Plane) ਲੁਈਸਵਿਲੇ ਏਅਰਪੋਰਟ ਤੋਂ ਟੇਕਆਫ਼ ਕਰਦੇ ਹੀ ਕਰੈਸ਼ ਹੋ ਗਿਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਮੁਤਾਬਕ, ਇਹ UPS ਫਲਾਈਟ 2976 ਸੀ ਜੋ ਲੁਈਸਵਿਲੇ ਤੋਂ ਹੋਨੋਲੂਲੂ (ਹਵਾਈ) ਲਈ ਰਵਾਨਾ ਹੋਈ ਸੀ। ਉਡਾਣ ਤੋਂ ਕੁਝ ਮਿੰਟਾਂ ਬਾਅਦ ਹੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹੁਣ ਤੱਕ 7 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ ਤੇ 11 ਦੇ ਕਰੀਬ ਜਖਮੀ ਹਨ।
ਜਹਾਜ਼ ਨੂੰ ਲੱਗੀ ਭਿਆਨਕ ਅੱਗ, ਧੂੰਏਂ ਦਾ ਵੱਡਾ ਗੁਬਾਰ
ਕਰੈਸ਼ ਹੋਣ ਦੇ ਨਾਲ ਹੀ ਜਹਾਜ਼ ਨੂੰ ਜ਼ਮੀਨ ‘ਤੇ ਡਿੱਗਦਿਆਂ ਭਿਆਨਕ ਅੱਗ ਲੱਗ ਗਈ, ਜਿਸ ਨਾਲ ਏਅਰਪੋਰਟ ਨੇੜਲੇ ਇਲਾਕਿਆਂ ਵਿੱਚ ਕਾਲੇ ਧੂੰਏਂ ਦੇ ਵੱਡੇ ਗੁਬਾਰ ਛਾ ਗਏ। ਹਾਦਸੇ ਤੋਂ ਬਾਅਦ ਆਲੇ ਦੁਆਲੇ ਦੇ ਖੇਤਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਂਚ ਸ਼ੁਰੂ — 34 ਸਾਲ ਪੁਰਾਣਾ ਸੀ ਜਹਾਜ਼
FAA ਨੇ ਪੁਸ਼ਟੀ ਕੀਤੀ ਹੈ ਕਿ ਹਾਦਸਾਗ੍ਰਸਤ ਜਹਾਜ਼ MD-11F ਮਾਡਲ ਦਾ ਸੀ, ਜੋ 1991 ਵਿੱਚ ਤਿਆਰ ਕੀਤਾ ਗਿਆ ਸੀ ਅਤੇ ਕਾਰਗੋ ਢੁਆਈ ਲਈ ਵਰਤਿਆ ਜਾਂਦਾ ਸੀ। ਫੈਡਰਲ ਏਜੰਸੀ ਨੇ ਕਿਹਾ ਹੈ ਕਿ ਹਾਦਸੇ ਦੀ ਵਿਸਤ੍ਰਿਤ ਜਾਂਚ ਨੈਸ਼ਨਲ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ (NTSB) ਕਰੇਗਾ, ਜੋ ਸਾਰੇ ਤਕਨੀਕੀ ਅਤੇ ਮੌਸਮੀ ਕਾਰਨਾਂ ਦੀ ਜਾਂਚ ਕਰੇਗਾ।
8 ਕਿਲੋਮੀਟਰ ਤੱਕ ‘Shelter-in-Place’ ਅਲਰਟ
ਲੁਈਸਵਿਲੇ ਮੈਟਰੋ ਪੁਲਿਸ ਅਤੇ ਐਮਰਜੈਂਸੀ ਟੀਮਾਂ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚ ਗਈਆਂ। ਜਹਾਜ਼ ਦੇ ਮਲਬੇ ਅਤੇ ਸੰਭਾਵਿਤ ਜ਼ਹਿਰੀਲੇ ਧੂੰਏਂ ਨੂੰ ਦੇਖਦਿਆਂ, ਪੁਲਿਸ ਨੇ ਏਅਰਪੋਰਟ ਤੋਂ 8 ਕਿਲੋਮੀਟਰ ਦੇ ਦਾਇਰੇ ਵਿੱਚ ਰਹਿੰਦੇ ਲੋਕਾਂ ਲਈ ‘Shelter-in-Place’ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਖਿੜਕੀਆਂ ਬੰਦ ਰੱਖਣ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ, Fern Valley ਅਤੇ Grade Lane ਰਸਤੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ, ਤਾਂ ਜੋ ਬਚਾਅ ਤੇ ਜਾਂਚ ਟੀਮਾਂ ਨੂੰ ਸੁਚਾਰੂ ਤਰੀਕੇ ਨਾਲ ਕੰਮ ਕਰਨ ਵਿੱਚ ਸਹੂਲਤ ਰਹੇ।
UPS ਦੇ ‘Worldport’ ‘ਚ ਵਾਪਰਿਆ ਵੱਡਾ ਝਟਕਾ
ਇਹ ਹਾਦਸਾ UPS ਲਈ ਖਾਸ ਤੌਰ ‘ਤੇ ਵੱਡੀ ਚੋਟ ਹੈ, ਕਿਉਂਕਿ Louisville Muhammad Ali International Airport ਉਸਦੀ ਦੁਨੀਆ ਦੀ ਸਭ ਤੋਂ ਵੱਡੀ ਕਾਰਗੋ ਸਹੂਲਤ — Worldport — ਦਾ ਕੇਂਦਰ ਹੈ। ਇਹ ਕੇਂਦਰ 50 ਲੱਖ ਵਰਗ ਫੁੱਟ ਖੇਤਰ ਵਿੱਚ ਫੈਲਿਆ ਹੋਇਆ ਹੈ, ਜਿੱਥੇ 12 ਹਜ਼ਾਰ ਤੋਂ ਵੱਧ ਕਰਮਚਾਰੀ ਰੋਜ਼ਾਨਾ 20 ਲੱਖ ਪਾਰਸਲ ਪ੍ਰੋਸੈਸ ਕਰਦੇ ਹਨ।
ਗਵਰਨਰ ਵੱਲੋਂ ਪ੍ਰਾਰਥਨਾ ਦੀ ਅਪੀਲ
ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ‘X’ (ਪਹਿਲਾਂ ਟਵਿੱਟਰ) ‘ਤੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ, “ਬਚਾਅ ਟੀਮਾਂ ਮੌਕੇ ‘ਤੇ ਮੌਜੂਦ ਹਨ… ਕਿਰਪਾ ਕਰਕੇ ਪਾਇਲਟਾਂ, ਕ੍ਰਿਊ ਮੈਂਬਰਾਂ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਪ੍ਰਾਰਥਨਾ ਕਰੋ।”

