ਹਰਿਆਣਾ :- ਦੇਸ਼ ਭਰ ਵਿੱਚ ਹਵਾ ਪ੍ਰਦੂਸ਼ਣ ਨੇ ਖ਼ਤਰਨਾਕ ਰੂਪ ਧਾਰ ਲਿਆ ਹੈ। ਸੈਂਟਰ ਫ਼ਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (CREA) ਦੀ ਤਾਜ਼ਾ ਰਿਪੋਰਟ ਮੁਤਾਬਕ, ਅਕਤੂਬਰ 2025 ਦੇ ਮਹੀਨੇ ਵਿੱਚ ਹਵਾ ਦੀ ਗੁਣਵੱਤਾ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਵਿਸ਼ਲੇਸ਼ਣ ਦੇਸ਼ ਦੇ ਸੈਂਕੜਿਆਂ ਨਿਗਰਾਨੀ ਸਟੇਸ਼ਨਾਂ ਤੋਂ ਇਕੱਠੇ ਕੀਤੇ ਅੰਕੜਿਆਂ ‘ਤੇ ਅਧਾਰਤ ਹੈ।
“ਚੰਗੀ ਹਵਾ” ਵਾਲੇ ਸ਼ਹਿਰ ਹੋਏ ਅੱਧੇ ਤੋਂ ਵੀ ਘੱਟ
ਰਿਪੋਰਟ ਅਨੁਸਾਰ ਸਤੰਬਰ ਮਹੀਨੇ ਵਿੱਚ ਜਿੱਥੇ 179 ਸ਼ਹਿਰਾਂ ਦੀ ਹਵਾ ਗੁਣਵੱਤਾ ‘ਚੰਗੀ’ ਸ਼੍ਰੇਣੀ (0-30 µg/m³) ਵਿੱਚ ਸੀ, ਉਥੇ ਅਕਤੂਬਰ ਵਿੱਚ ਇਹ ਗਿਣਤੀ ਘਟ ਕੇ ਸਿਰਫ਼ 68 ਰਹਿ ਗਈ। ਇਹ ਸਪੱਸ਼ਟ ਸੰਕੇਤ ਹੈ ਕਿ ਮੌਸਮ ਬਦਲਦੇ ਹੀ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ।
ਧਾਰੂਹੇੜਾ ਬਣਿਆ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਹਰਿਆਣਾ ਦਾ ਧਾਰੂਹੇੜਾ ਅਕਤੂਬਰ ਮਹੀਨੇ ਵਿੱਚ ਭਾਰਤ ਦਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਰਿਹਾ। ਇੱਥੇ PM 2.5 ਦਾ ਔਸਤ ਪੱਧਰ 123 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਰਿਹਾ, ਜੋ ਰਾਸ਼ਟਰੀ ਹੱਦਾਂ ਤੋਂ ਕਈ ਗੁਣਾ ਵੱਧ ਸੀ।
ਇਸ ਦੌਰਾਨ ਸ਼ਹਿਰ ਨੇ ਦੋ ‘ਗੰਭੀਰ’ ਅਤੇ ਨੌਂ ‘ਬਹੁਤ ਖ਼ਰਾਬ’ ਹਵਾ ਵਾਲੇ ਦਿਨ ਵੇਖੇ, ਜਿਨ੍ਹਾਂ ਨੇ ਸਿਹਤ ਵਿਸ਼ੇਸ਼ਗਿਆਂ ਦੀ ਚਿੰਤਾ ਵਧਾ ਦਿੱਤੀ।
NCR ਤੇ ਗੰਗਾ ਮੈਦਾਨੀ ਇਲਾਕਿਆਂ ਦੀ ਹਵਾ ਸਭ ਤੋਂ ਖ਼ਰਾਬ
ਰਿਪੋਰਟ ਦੱਸਦੀ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ (NCR) ਅਤੇ ਇੰਡੋ-ਗੰਗਾ ਦੇ ਮੈਦਾਨੀ ਇਲਾਕਿਆਂ ਵਿੱਚ ਹਵਾ ਪ੍ਰਦੂਸ਼ਣ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ।
ਧਾਰੂਹੇੜਾ ਤੋਂ ਬਾਅਦ ਰੋਹਤਕ, ਗਾਜ਼ੀਆਬਾਦ, ਨੋਇਡਾ, ਬੱਲਭਗੜ੍ਹ, ਦਿੱਲੀ, ਭਿਵਾੜੀ, ਗ੍ਰੇਟਰ ਨੋਇਡਾ, ਹਾਪੁੜ ਅਤੇ ਗੁਰੂਗ੍ਰਾਮ ਜਿਹੇ ਸ਼ਹਿਰ ਵੀ ਸੂਚੀ ਦੇ ਸਿਖਰ ਤੇ ਰਹੇ। ਧਿਆਨਯੋਗ ਗੱਲ ਇਹ ਹੈ ਕਿ ਟੌਪ 10 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਚਾਰ-ਚਾਰ ਸ਼ਹਿਰ ਸ਼ਾਮਲ ਹਨ — ਇਹ ਸਾਰੇ NCR ਖੇਤਰ ਦਾ ਹਿੱਸਾ ਹਨ।

