ਛੱਤੀਸਗੜ੍ਹ :- ਛੱਤੀਸਗੜ੍ਹ ਦੇ ਬਿਲਾਸਪੁਰ ਰੇਲਵੇ ਸਟੇਸ਼ਨ ਪਿਛਲੇ ਦਿਨੀਂ ਹੋਇਆ ਦਿਲ ਦਹਿਲਾਉਣ ਵਾਲਾ ਹਾਦਸਾ। ਮਾਲ ਗੱਡੀ ਤੇ ਲੋਕਲ ਯਾਤਰੀ ਟ੍ਰੇਨ ਦੀ ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਰੇਲਗੱਡੀਆਂ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਗਈ ਤੇ 14 ਯਾਤਰੀ ਜ਼ਖਮੀ ਹੋਏ ਹਨ। ਇੱਕ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ।
ਟੱਕਰ ਨਾਲ ਉਡੇ ਡੱਬੇ, ਯਾਤਰੀਆਂ ‘ਚ ਮਚੀ ਚੀਕਾਂ-ਪੁਕਾਰ
ਚਸ਼ਮਦੀਦਾਂ ਅਨੁਸਾਰ ਟੱਕਰ ਇੰਨੀ ਤੀਬਰ ਸੀ ਕਿ ਧੂੰਏਂ ਤੇ ਧੂੜ ਦੇ ਬੱਦਲ ਹਰ ਪਾਸੇ ਫੈਲ ਗਏ। ਕਈ ਯਾਤਰੀ ਡੱਬਿਆਂ ਵਿਚ ਫਸ ਗਏ ਤੇ ਬਚਾਅ ਲਈ ਚੀਕਾਂ ਮਾਰਦੇ ਰਹੇ। ਸਥਾਨਕ ਲੋਕਾਂ ਨੇ ਵੀ ਹਿੰਮਤ ਦਿਖਾਉਂਦਿਆਂ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤਾ। ਰੇਲਵੇ ਟੀਮਾਂ ਨੇ ਜੰਗੀ ਪੱਧਰ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
ਗਾਰਡ ਨੇ ਛਾਲ ਮਾਰ ਬਚਾਈ ਜਾਨ, ਰੇਲਵੇ ਵਲੋਂ ਮਦਦ ਰਾਸ਼ੀ ਦਾ ਐਲਾਨ
ਅਧਿਕਾਰੀਆਂ ਮੁਤਾਬਕ, ਮਾਲ ਗੱਡੀ ਦੇ ਗਾਰਡ ਨੇ ਹਾਦਸੇ ਤੋਂ ਥੋੜ੍ਹਾ ਪਹਿਲਾਂ ਤੇਜ਼ ਰਫ਼ਤਾਰ ਨਾਲ ਆ ਰਹੀ ਟ੍ਰੇਨ ਨੂੰ ਦੇਖ ਕੇ ਡੱਬੇ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਹ ਬਚ ਗਿਆ।
ਰੇਲਵੇ ਮੰਤਰਾਲੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ, ਗੰਭੀਰ ਜ਼ਖਮੀਆਂ ਲਈ 5 ਲੱਖ ਅਤੇ ਹਲਕੀਆਂ ਸੱਟਾਂ ਵਾਲਿਆਂ ਲਈ 1 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਕੀਤਾ ਦੁੱਖ ਪ੍ਰਗਟ, ਰਾਹਤ ਲਈ ਘੋਸ਼ਣਾ
ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂ ਦੇਵ ਸਾਈ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਰੇਲਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਘਟਨਾ ਸਥਾਨ ‘ਤੇ ਰਾਹਤ ਕਾਰਜ ਵਿੱਚ ਜੁਟੀਆਂ ਹੋਈਆਂ ਹਨ।
ਜ਼ਖਮੀ ਮਹਿਲਾ ਨੇ ਸੁਣਾਈ ਦਹਿਸ਼ਤਭਰੀ ਕਹਾਣੀ
ਇੱਕ ਜ਼ਖਮੀ ਮਹਿਲਾ ਯਾਤਰੀ ਨੇ ਦੱਸਿਆ ਕਿ “ਟ੍ਰੇਨ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ, ਅਚਾਨਕ ਝਟਕਾ ਲੱਗਿਆ ਤੇ ਹਰ ਪਾਸੇ ਚੀਕਾਂ ਸੁਣਾਈ ਦਿੱਤੀਆਂ। ਸਮਝ ਆਉਣ ਤੋਂ ਪਹਿਲਾਂ ਹੀ ਡੱਬਾ ਢਹਿ ਗਿਆ।”
ਇੱਕ ਹੋਰ ਯਾਤਰੀ ਨੇ ਕਿਹਾ ਕਿ ਟੱਕਰ ਤੋਂ ਬਾਅਦ ਲੋਕ ਦਰਵਾਜ਼ਿਆਂ ਤੇ ਖਿੜਕੀਆਂ ਤੋੜ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ।
ਬਚਾਅ ਜਾਰੀ, 12 ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ
ਰੇਲਵੇ ਨੇ ਹਾਦਸੇ ਨਾਲ ਪ੍ਰਭਾਵਿਤ ਯਾਤਰੀਆਂ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਬਿਲਾਸਪੁਰ ਦੇ ਰੇਲ ਅਧਿਕਾਰੀਆਂ ਅਨੁਸਾਰ, ਘਟਨਾ ਕਾਰਨ 12 ਹੋਰ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਰੇਲਵੇ ਬੋਰਡ ਨੇ ਇਸ ਹਾਦਸੇ ਦੀ ਉੱਚ-ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।

