ਚੰਡੀਗੜ੍ਹ :- ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਰਾਤ ਭਰ ਕਈ ਹਿੱਸਿਆਂ ਵਿੱਚ ਬੱਦਲ ਛਾਏ ਰਹੇ ਤੇ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਵੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਅੱਜ ਵੀ ਰਾਜ ਦੇ ਉੱਤਰੀ ਅਤੇ ਮੱਧ ਜ਼ਿਲ੍ਹਿਆਂ ਵਿੱਚ ਬੂੰਦਾਬਾਂਦੀ ਦੀ ਸੰਭਾਵਨਾ ਜਤਾਈ ਹੈ, ਜਿਸ ਨਾਲ ਹਵਾ ਵਿੱਚ ਠੰਢਕ ਵਧਣ ਦੀ ਉਮੀਦ ਹੈ।
9 ਜ਼ਿਲ੍ਹਿਆਂ ‘ਚ ਬਾਰਿਸ਼ ਦੀ ਸੰਭਾਵਨਾ:
ਮੌਸਮ ਵਿਭਾਗ ਦੇ ਤਾਜ਼ਾ ਅਨੁਮਾਨ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਰੂਪਨਗਰ ਤੇ ਐਸਏਐਸ ਨਗਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਬੱਦਲਾਂ ਦੀ ਆਵਾਜਾਈ ਨਾਲ ਸਵੇਰ-ਸ਼ਾਮ ਦੇ ਸਮੇਂ ਠੰਢ ਦਾ ਅਹਿਸਾਸ ਵਧੇਗਾ।
ਧੁੰਦ ਤੇ ਠੰਢ ਦਾ ਅਸਰ ਵਧੇਗਾ:
ਮੌਸਮ ਵਿਭਾਗ ਨੇ ਦੂਰ-ਦੁਰਾਡੇ ਇਲਾਕਿਆਂ ਵਿੱਚ ਧੁੰਦ ਪੈਣ ਦੀ ਸੰਭਾਵਨਾ ਵੀ ਜਤਾਈ ਹੈ। ਅਗਲੇ ਤਿੰਨ ਦਿਨਾਂ ਦੌਰਾਨ ਰਾਤ ਦਾ ਪਾਰਾ 2 ਤੋਂ 4 ਡਿਗਰੀ ਸੈਲਸੀਅਸ ਤੱਕ ਘਟਣ ਦੀ ਉਮੀਦ ਹੈ, ਜਿਸ ਨਾਲ ਸਵੇਰ ਤੇ ਸ਼ਾਮ ਦੇ ਸਮੇਂ ਵਿਜ਼ੀਬਿਲਟੀ ‘ਤੇ ਵੀ ਅਸਰ ਪੈ ਸਕਦਾ ਹੈ।
ਤਾਪਮਾਨ ਆਮ ਸਤਰ ਦੇ ਨੇੜੇ:
ਪਿਛਲੇ 24 ਘੰਟਿਆਂ ਵਿੱਚ ਰਾਜ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.2 ਡਿਗਰੀ ਘੱਟ ਦਰਜ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਤਾਪਮਾਨ ਹੁਣ ਮੌਸਮੀ ਆਮ ਦਰ ਤੋਂ ਨੇੜੇ ਆ ਗਿਆ ਹੈ। ਹਵਾ ਦੀ ਨਮੀ ਵਿੱਚ ਵਾਧਾ ਤੇ ਸੂਰਜੀ ਤਾਪ ‘ਚ ਕਮੀ ਕਾਰਨ ਠੰਢੀ ਹਵਾਵਾਂ ਦਾ ਅਸਰ ਕੁਝ ਹੋਰ ਦਿਨ ਰਹਿ ਸਕਦਾ ਹੈ।

