ਚੰਡੀਗੜ੍ਹ :- ਪੰਜਾਬ ਸਰਕਾਰ ਨੇ ਰੀਅਲ ਅਸਟੇਟ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਇਕ ਅਹਿਮ ਕਦਮ ਚੁੱਕਦਿਆਂ ਕਾਲੋਨੀ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਹੁਣ ਸਿਰਫ਼ 60 ਦਿਨਾਂ ਵਿੱਚ ਪੂਰੀ ਕਰਨ ਦਾ ਨਿਰਣਯ ਲਿਆ ਹੈ।
ਲਾਇਸੈਂਸ ਪ੍ਰਕਿਰਿਆ ਹੋਵੇਗੀ ਸਮਾਂ-ਬੱਧ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਨਵੀਂ ਐੱਸ.ਓ.ਪੀ. ਤਹਿਤ ਪਹਿਲੇ 30 ਦਿਨਾਂ ਵਿੱਚ ਐਲ.ਓ.ਆਈ ਜਾਰੀ ਹੋਵੇਗੀ ਅਤੇ ਅਗਲੇ 30 ਦਿਨਾਂ ਵਿੱਚ ਲਾਇਸੈਂਸ। ਪਹਿਲਾਂ ਇਹ ਪ੍ਰਕਿਰਿਆ ਬਹੁਤ ਗੁੰਝਲਦਾਰ ਸੀ, ਜਿਸ ਕਾਰਨ ਪ੍ਰਮੋਟਰਾਂ ਨੂੰ ਕਾਫ਼ੀ ਮੁਸ਼ਕਲਾਂ ਆਉਂਦੀਆਂ ਸਨ।
ਅਧਿਕਾਰੀਆਂ ਲਈ ਸਪਸ਼ਟ ਟਾਈਮਲਾਈਨ
ਹੁਣ ਹਰ ਸ਼ਾਖਾ — ਪਲਾਨਿੰਗ, ਅਕਾਊਂਟ, ਲਾਇਸੈਂਸਿੰਗ ਆਦਿ — ਲਈ ਟਾਈਮਲਾਈਨ ਨਿਰਧਾਰਤ ਕੀਤੀ ਗਈ ਹੈ। ਜੇ ਕੋਈ ਅਧਿਕਾਰੀ ਬਿਨਾ ਕਾਰਨ ਦੇਰੀ ਕਰੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਰੀਅਲ ਅਸਟੇਟ ਖੇਤਰ ਨੂੰ ਮਿਲੇਗਾ ਨਵਾਂ ਹੁਲਾਰਾ
ਮੁੰਡੀਆਂ ਨੇ ਕਿਹਾ ਕਿ ਇਸ ਕਦਮ ਨਾਲ ਪ੍ਰਮੋਟਰਾਂ ਦੀ ਖੱਜਲ-ਖੁਆਰੀ ਘਟੇਗੀ ਅਤੇ ਰੀਅਲ ਅਸਟੇਟ ਖੇਤਰ ਨੂੰ ਨਵੀਂ ਰਫ਼ਤਾਰ ਮਿਲੇਗੀ, ਜਿਸ ਨਾਲ ਰਾਜ ਦੀ ਅਰਥ ਵਿਵਸਥਾ ਤੇ ਰੋਜ਼ਗਾਰ ਦੇ ਮੌਕੇ ਵੀ ਵਧਣਗੇ।

