ਬਠਿੰਡਾ :- ਜਿਸ ਕਿਸਮਤ ਨੂੰ ਲੋਕ ਸਿਰਫ਼ ਕਹਾਣੀਆਂ ‘ਚ ਸੁਣਦੇ ਹਨ, ਉਹ ਕਹਾਣੀ ਰਾਜਸਥਾਨ ਦੇ ਇੱਕ ਸਧਾਰਨ ਸਬਜ਼ੀ ਵੇਪਾਰੀ ਅਮਿਤ ਸੇਹੜਾ ਦੀ ਹਕੀਕਤ ਬਣ ਗਈ। ਜੈਪੁਰ ਜ਼ਿਲ੍ਹੇ ਦੇ ਪਿੰਡ ਕਠਪੁਤਲੀ ਨਾਲ ਸਬੰਧਤ ਅਮਿਤ ਹਰ ਰੋਜ਼ ਪਿੰਡਾਂ ਵਿੱਚ ਸਬਜ਼ੀ ਵੇਚ ਕੇ ਘਰ ਦਾ ਗੁਜ਼ਾਰਾ ਕਰਦਾ ਸੀ। ਪਰ ਬਠਿੰਡਾ ਦੇ ਇੱਕ ਕਾਊਂਟਰ ਤੋਂ ਖਰੀਦੇ ਇੱਕ ਟਿਕਟ ਨੇ ਉਸਦੀ ਜ਼ਿੰਦਗੀ ਪਲਟ ਦਿੱਤੀ।
ਬਠਿੰਡਾ ‘ਚ ਖਰੀਦਿਆ ਸੀ A-438586 ਨੰਬਰ ਵਾਲਾ ਟਿਕਟ
ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਅਮਿਤ ਸੇਹੜਾ ਬਠਿੰਡਾ ਆਇਆ ਹੋਇਆ ਸੀ ਜਿੱਥੇ ਉਸਨੇ ਰਤਨ ਲਾਟਰੀ ਏਜੰਸੀ ਤੋਂ ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਸਕੀਮ ਦਾ ਟਿਕਟ ਖਰੀਦਿਆ ਸੀ। ਉਸ ਟਿਕਟ ਦਾ ਨੰਬਰ ਸੀ A-438586 — ਜਿਸ ਨੇ ਹੁਣ ਉਸਨੂੰ 11 ਕਰੋੜ ਰੁਪਏ ਦਾ ਜੇਤੂ ਬਣਾ ਦਿੱਤਾ ਹੈ।
ਲਾਟਰੀ ਏਜੰਸੀ ਨੇ ਪੰਜ ਦਿਨ ਤੱਕ ਕੀਤੀ ਜੇਤੂ ਦੀ ਭਾਲ
31 ਅਕਤੂਬਰ ਨੂੰ ਨਿਕਲੇ ਡਰਾਅ ਤੋਂ ਬਾਅਦ ਰਤਨ ਲਾਟਰੀ ਦੇ ਮਾਲਕ ਉਮੇਸ਼ ਕੁਮਾਰ ਤੇ ਮੈਨੇਜਰ ਕਰਨ ਕੁਮਾਰ ਨੇ ਇਸ ਟਿਕਟ ਦੇ ਅਸਲੀ ਹੱਕਦਾਰ ਨੂੰ ਲੱਭਣ ਲਈ ਪੰਜ ਦਿਨ ਤੱਕ ਤਲਾਸ਼ ਜਾਰੀ ਰੱਖੀ। ਕਈ ਕਾਲਾਂ, ਪੁੱਛਗਿੱਛ ਅਤੇ ਖੋਜ ਤੋਂ ਬਾਅਦ ਅੰਤ ਵਿੱਚ ਉਹ ਅਮਿਤ ਸੇਹੜਾ ਤੱਕ ਪਹੁੰਚੇ।
ਅੱਜ ਬਠਿੰਡਾ ਆ ਰਿਹਾ ਹੈ ਆਪਣਾ ਇਨਾਮ ਲੈਣ
ਜਾਣਕਾਰੀ ਮੁਤਾਬਕ ਅਮਿਤ ਸੇਹੜਾ ਆਪਣਾ ਅਸਲੀ ਟਿਕਟ ਲੈ ਕੇ ਅੱਜ ਦੁਪਹਿਰ ਬਠਿੰਡਾ ਪੁੱਜਣ ਵਾਲਾ ਹੈ, ਜਿੱਥੇ ਉਸਨੂੰ ਦੀਵਾਲੀ ਬੰਪਰ ਦਾ ਪਹਿਲਾ ਇਨਾਮ — 11 ਕਰੋੜ ਰੁਪਏ — ਦਿੱਤਾ ਜਾਵੇਗਾ।
ਲੋਕਾਂ ‘ਚ ਬਣਿਆ ਚਰਚਾ ਦਾ ਵਿਸ਼ਾ
ਇਸ ਖ਼ਬਰ ਤੋਂ ਬਾਅਦ ਪੂਰੇ ਇਲਾਕੇ ਵਿੱਚ ਚਰਚਾ ਹੈ ਕਿ ਇਕ ਸਧਾਰਨ ਵੇਪਾਰੀ ਦੀ ਜ਼ਿੰਦਗੀ ਇਕ ਕਾਗ਼ਜ਼ ਦੇ ਟਿਕਟ ਨਾਲ ਕਿਵੇਂ ਬਦਲ ਸਕਦੀ ਹੈ। ਲੋਕ ਕਹਿ ਰਹੇ ਹਨ — “ਕਿਸਮਤ ਕਦੋਂ ਤੇ ਕਿੱਥੇ ਮੁੜ ਜਾਵੇ, ਕਿਹਾ ਨਹੀਂ ਜਾ ਸਕਦਾ।”

