ਚੰਡੀਗੜ੍ਹ :- ਮਹਿਲਾ ਕ੍ਰਿਕਟ ਵਿਸ਼ਵ ਕਪ ਦੇ ਫਾਈਨਲ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 52 ਰਨਾਂ ਨਾਲ ਹਰਾਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਟੀਮ ਇੰਡੀਆ ਨੇ ਨਾ ਸਿਰਫ਼ ਆਪਣਾ ਪਹਿਲਾ ਵਿਸ਼ਵ ਖਿਤਾਬ ਜਿੱਤਿਆ, ਸਗੋਂ 2005 ਅਤੇ 2017 ਦੇ ਹਾਰ ਦੇ ਸਾਲਾਂ ਪੁਰਾਣੇ ਦੁੱਖ ਨੂੰ ਵੀ ਮਿਟਾ ਦਿੱਤਾ।
BCCI ਨੇ ਜਿੱਤ ਨੂੰ ਮਨਾਉਂਦਿਆਂ ਕੀਤਾ ਵੱਡਾ ਐਲਾਨ
ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੇਆ ਨੇ ਐਲਾਨ ਕੀਤਾ ਹੈ ਕਿ ਟੀਮ ਇੰਡੀਆ ਨੂੰ ਇਸ ਜਿੱਤ ਦੀ ਖੁਸ਼ੀ ‘ਚ 51 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਹ ਇਨਾਮ ਖਿਡਾਰਣਾਂ ਦੇ ਨਾਲ ਨਾਲ ਕੋਚਾਂ ਅਤੇ ਸਪੋਰਟ ਸਟਾਫ਼ ਨੂੰ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਟਰਾਫੀ ਨਹੀਂ, ਸਗੋਂ ਕਰੋੜਾਂ ਭਾਰਤੀਆਂ ਦੇ ਦਿਲ ਜਿੱਤਣ ਵਾਲੀ ਹੈ।
1983 ਵਾਂਗ, ਅੱਜ ਵੀ ਇਕ ਨਵਾਂ ਯੁੱਗ ਸ਼ੁਰੂ ਹੋਇਆ” – ਸੈਕੇਆ
ਸੈਕੇਆ ਨੇ ANI ਨਾਲ ਗੱਲਬਾਤ ਦੌਰਾਨ ਕਿਹਾ ਕਿ ਜਿਵੇਂ 1983 ਵਿੱਚ ਕਪਿਲ ਦੇਵ ਨੇ ਕ੍ਰਿਕਟ ਵਿੱਚ ਨਵਾਂ ਯੁੱਗ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਅੱਜ ਹਰਮਨਪ੍ਰੀਤ ਕੌਰ ਅਤੇ ਉਸ ਦੀ ਟੀਮ ਨੇ ਮਹਿਲਾ ਕ੍ਰਿਕਟ ਨੂੰ ਇਕ ਨਵੀਂ ਉਚਾਈ ‘ਤੇ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ “ਇਹ ਖਿਡਾਰਣਾਂ ਨੇ ਨਾ ਸਿਰਫ਼ ਟਰਾਫੀ ਜਿੱਤੀ ਹੈ, ਸਗੋਂ ਅਗਲੀ ਪੀੜ੍ਹੀ ਦੀਆਂ ਖਿਡਾਰਣਾਂ ਲਈ ਪ੍ਰੇਰਨਾ ਦਾ ਰਸਤਾ ਖੋਲ੍ਹਿਆ ਹੈ।
BCCI ਨੇ ਮਹਿਲਾ ਕ੍ਰਿਕਟ ਵਿੱਚ ਕੀਤਾ ਵੱਡਾ ਬਦਲਾਅ
ਸੈਕੇਆ ਨੇ ਇਹ ਵੀ ਦੱਸਿਆ ਕਿ ਜਦੋਂ ਤੋਂ ਜੇ ਸ਼ਾਹ ਨੇ 2019 ਵਿੱਚ ਬੀਸੀਸੀਆਈ ਦੇ ਸਕੱਤਰ ਦਾ ਅਹੁਦਾ ਸੰਭਾਲਿਆ, ਮਹਿਲਾ ਕ੍ਰਿਕਟ ਵਿੱਚ ਕਈ ਇਤਿਹਾਸਕ ਤਬਦੀਲੀਆਂ ਆਈਆਂ ਹਨ। ਪੇ ਪੈਰਿਟੀ ਲਾਗੂ ਕੀਤੀ ਗਈ ਹੈ ਅਤੇ ਆਈਸੀਸੀ ਵੱਲੋਂ ਮਹਿਲਾ ਟੂਰਨਾਮੈਂਟਾਂ ਦੀ ਪ੍ਰਾਈਜ਼ ਮਨੀ ‘ਚ 300 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਪਹਿਲਾਂ ਇਹ ਰਕਮ 2.88 ਮਿਲੀਅਨ ਡਾਲਰ ਸੀ, ਜੋ ਹੁਣ ਵਧਾ ਕੇ 14 ਮਿਲੀਅਨ ਡਾਲਰ ਕਰ ਦਿੱਤੀ ਗਈ ਹੈ।
ਮੈਚ ਦਾ ਰੁਖ ਬਦਲਣ ਵਾਲੀ ਇਨਿੰਗ
ਫਾਈਨਲ ‘ਚ ਦੱਖਣੀ ਅਫਰੀਕਾ ਨੇ ਟੌਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਨਿਮੰਤਰਣ ਦਿੱਤਾ। ਸ਼ੁਰੂਆਤ ਸ਼ਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਨੇ ਸ਼ਾਨਦਾਰ ਸਾਂਝ ਨਾਲ ਕੀਤੀ। ਦੋਹਾਂ ਨੇ ਪਹਿਲੇ ਵਿਕਟ ਲਈ ਸੌ ਰਨਾਂ ਦੀ ਸਾਂਝ ਪਾਈ। ਸ਼ਫਾਲੀ ਨੇ 78 ਗੇਂਦਾਂ ‘ਤੇ 87 ਰਨ ਬਣਾਏ, ਜਿਸ ‘ਚ ਸੱਤ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ, ਜਦਕਿ ਮੰਧਾਨਾ ਨੇ 58 ਗੇਂਦਾਂ ‘ਤੇ 45 ਰਨ ਜੋੜੇ। ਜਦ ਟੀਮ ਦਾ ਸਕੋਰ 166/2 ‘ਤੇ ਪਹੁੰਚਿਆ, ਤਦ ਤੱਕ ਭਾਰਤ ਨੇ ਮਜ਼ਬੂਤ ਆਧਾਰ ਰੱਖ ਲਿਆ ਸੀ।
ਸਿੱਖਰ ‘ਤੇ ਪਹੁੰਚੀ ਮਹਿਲਾ ਕ੍ਰਿਕਟ ਟੀਮ
ਇਹ ਜਿੱਤ ਮਹਿਲਾ ਕ੍ਰਿਕਟ ਲਈ ਇਕ ਨਵਾਂ ਮੋੜ ਸਾਬਤ ਹੋ ਰਹੀ ਹੈ। ਦੇਸ਼ ਭਰ ‘ਚ ਟੀਮ ਇੰਡੀਆ ਦੀ ਇਸ ਪ੍ਰਾਪਤੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਖਿਡਾਰਣਾਂ ਨੂੰ ਕੌਮੀ ਨਾਇਕਾ ਵਜੋਂ ਸਲਾਮ ਕੀਤਾ ਜਾ ਰਿਹਾ ਹੈ।

